ਗਾਇਕ ਸਰਬਜੀਤ ਚੀਮਾ ਨਾਲ ਗੱਲਬਾਤ ਅੰਮ੍ਰਿਤਸਰ: ਪੰਜਾਬੀ ਗਾਇਕ ਅਤੇ ਫਿਲਮੀ ਅਦਾਕਾਰ ਸਰਬਜੀਤ ਸਿੰਘ ਚੀਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪੁੱਜੇ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗਾਇਕ ਸਰਬਜੀਤ ਸਿੰਘ ਚੀਮਾ ਨੇ ਕਿਹਾ ਕਿ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਆ ਕੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਸਕੂਨ ਮਿਲਿਆ ਹੈ।
ਇਸ ਦੌਰਾਨ ਆਪਣੇ ਵਰਕਫਰੰਟ ਬਾਰੇ ਗੱਲ ਕਰਦੇ ਹੋਏ ਗਾਇਕ ਨੇ ਕਿਹਾ ਕਿ 'ਮੇਰੀਆਂ ਦੋ ਫਿਲਮਾਂ ਤਿਆਰ ਹਨ, ਇੱਕ 'ਸੁੱਚਾ ਸੂਰਮਾ' ਅਤੇ ਦੂਸਰਾ 'ਉੱਚਾ ਦਰ ਬਾਬੇ ਨਾਨਕ ਦਾ'। ਇਹਨਾਂ ਵਿੱਚੋਂ 'ਉੱਚਾ ਦਰ ਬਾਬੇ ਨਾਨਕ ਦਾ' ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ, ਇਸ ਫਿਲਮ ਵਿੱਚ ਯੋਗਰਾਜ ਸਿੰਘ, ਦੇਵ ਖਰੌੜ, ਮੋਨਿਕਾ ਗਿੱਲ, ਇਸ਼ਾ ਰਿਖੀ ਵਰਗੇ ਸ਼ਾਨਦਾਰ ਕਲਾਕਾਰ ਹਨ। ਇਹ ਬਹੁਤ ਚੰਗੀ ਟੀਮ ਆ ਅਤੇ ਤਰਨਵੀਰ ਜਗਪਾਲ ਇਸ ਦਾ ਨਿਰਦੇਸ਼ਨ ਕਰ ਰਹੇ ਹਨ।'
ਉਲੇਖਯੋਗ ਹੈ ਕਿ ਇਸ ਦੌਰਾਨ ਅਦਾਕਾਰ-ਗਾਇਕ ਚੀਮਾ ਨਿਰਦੇਸ਼ਕ ਤਰਨਵੀਰ ਜਗਪਾਲ ਦੀ ਕਾਫੀ ਤਾਰੀਫ਼ ਕਰਦੇ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਤਰਨਵੀਰ ਜਗਪਾਲ ਨੇ ਬਹੁਤ ਚੰਗੇ ਤਰੀਕੇ ਨਾਲ ਜਿਹੜੀ ਫਿਲਮ ਵੀ ਸ਼ੁਰੂ ਕੀਤੀ ਹੈ, ਉਸ ਨੇ ਪੰਜਾਬੀਆਂ ਦੇ ਮਨਾਂ ਵਿੱਚ ਇੱਕ ਅਲੱਗ ਪਹਿਚਾਣ ਬਣਾਈ ਹੈ। ਇਸ ਦਾ ਅੰਦਾਜ਼ਾਂ ਅਸੀਂ ਪਹਿਲਾਂ 'ਰੱਬ ਦਾ ਰੇਡੀਓ' ਅਤੇ ਫਿਰ 'ਰੱਬ ਦਾ ਰੇਡੀਓ 2' ਅਤੇ 'ਦਾਣਾ ਪਾਣੀ' ਵਰਗੀਆਂ ਬਹੁਤ ਵੱਡੀਆਂ ਫਿਲਮਾਂ ਤੋਂ ਲਾ ਸਕਦੇ ਹਾਂ।'
ਇਸ ਦੌਰਾਨ ਆਪਣੇ ਗਾਇਕੀ ਫਰੰਟ ਬਾਰੇ ਗੱਲ ਕਰਦੇ ਹੋਏ ਅਦਾਕਾਰ-ਗਾਇਕ ਸਰਬਜੀਤ ਚੀਮਾ ਨੇ ਦੱਸਿਆ ਕਿ ਉਹਨਾਂ ਦੀ ਨਵੀਂ ਐਲਬਮ ਆ ਰਹੀ ਹੈ, ਜਿਸ ਵਿੱਚ ਪ੍ਰਸ਼ੰਸਕਾਂ ਨੂੰ 13 ਗੀਤ ਸੁਣਨ ਨੂੰ ਮਿਲਣਗੇ, ਇਸ ਐਲਬਮ ਦਾ ਸਿਰਲੇਖ 'ਭੰਗੜੇ ਦਾ ਕਿੰਗ' ਹੈ। ਇਸ ਤੋਂ ਇਲਾਵਾ ਗਾਇਕ ਨੇ ਦੱਸਿਆ ਕਿ ਆਉਣ ਵਾਲੀ ਐਲਬਮ ਉਹਨਾਂ ਦੀ 17ਵੀਂ ਐਲਬਮ ਹੋਵੇਗੀ ਅਤੇ ਸਰੋਤਿਆਂ ਨੂੰ ਇਸ ਐਲਬਮ ਲਈ ਪਿਆਰ ਦੀ ਮੰਗ ਕਰਦਾ ਹਾਂ।
ਵਰਕਫਰੰਟ ਤੋਂ ਇਲਾਵਾ ਗਾਇਕ ਆਪਣੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਲਈ ਗੱਲਾਂ ਉਤੇ ਚਾਨਣਾ ਪਾਉਂਦੇ ਵੀ ਨਜ਼ਰ ਆਏ। ਗਾਇਕ ਨੇ ਦੱਸਿਆ ਕਿ ਮੈਂ 34 ਸਾਲ ਤੋਂ ਵਿਦੇਸ਼ ਵਿੱਚ ਰਹਿ ਰਿਹਾ ਹਾਂ, ਉਥੇ ਬਹੁਤ ਮਿਹਨਤ ਕੀਤੀ, 7-8 ਸਾਲ ਲੇਬਰ ਦਾ ਡਬਲ ਸਿਫਟ ਵਿੱਚ ਕੰਮ ਕੀਤਾ। ਉਥੇ ਸੰਘਰਸ਼ ਕਰਕੇ ਗਾਇਕੀ ਖੇਤਰ ਵਿੱਚ ਪੈਰ ਧਰਿਆ ਤਾਂ ਲੋਕਾਂ ਨੇ ਮੈਨੂੰ ਕਾਫੀ ਪਿਆਰ ਦਿੱਤਾ।