ਚੰਡੀਗੜ੍ਹ: 21 ਦਿਨ ਤੋਂ ਮਰਨ ਵਰਤ ਉਤੇ ਖਨੌਰੀ ਸਰਹੱਦ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਇਸ ਸਮੇਂ ਕਾਫੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਹਾਲ ਹੀ ਵਿੱਚ ਉਨ੍ਹਾਂ ਨੇ ਪੀਐੱਮ ਮੋਦੀ ਅਤੇ ਰਾਸ਼ਟਰੀ ਪਤੀ ਨੂੰ ਪੱਤਰ ਲਿਖਿਆ ਹੈ।
ਦਰਅਸਲ, 26 ਨਵੰਬਰ ਨੂੰ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਡੱਲੇਵਾਲ ਦਾ ਭਾਰ ਕਾਫੀ ਘੱਟ ਗਿਆ ਹੈ, ਹਾਲਾਂਕਿ ਡਾਕਟਰ ਉਨ੍ਹਾਂ ਉਤੇ ਨਜ਼ਰ ਰੱਖੀ ਬੈਠੇ ਹਨ, ਪਰ ਡਾਕਟਰਾਂ ਦਾ ਕਹਿਣਾ ਇਹ ਵੀ ਹੈ ਕਿ ਡੱਲਵਾਲ ਨੂੰ ਸਾਈਲੈਂਟ ਹਾਰਟ ਅਟੈਕ ਆ ਸਕਦਾ ਹੈ, ਕਿਉਂਕਿ ਉਨ੍ਹਾਂ ਦਾ ਸਰੀਰ ਕਾਫੀ ਕਮਜ਼ੋਰ ਹੋ ਗਿਆ ਹੈ।
ਹੁਣ ਬੀਤੇ ਦਿਨ ਮਰਨ ਵਰਤ ਉਤੇ ਬੈਠੇ ਡੱਲੇਵਾਲ ਨੂੰ ਪੰਜਾਬੀ ਗਾਇਕ ਹਰਫ਼ ਚੀਮਾ ਮਿਲਣ ਪਹੁੰਚੇ, ਜਿੱਥੇ ਉਨ੍ਹਾਂ ਨੇ ਡੱਲੇਵਾਲ ਨਾਲ ਕਾਫੀ ਗੱਲਾਂ ਕੀਤੀਆਂ ਅਤੇ ਇੱਕ ਵੀਡੀਓ ਵੀ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਕਿਹਾ, 'ਬਾਪੂ ਡੱਲੇਵਾਲ ਸਾਹਿਬ ਚੜ੍ਹਦੀ ਕਲਾ ਵਿੱਚ ਹਨ, ਹੁਣ ਤਾਂ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਕਿਉਂਕਿ ਜਿਹੜੀ ਪਹਿਲੀ ਕਿਸ਼ਤ ਸੀ, ਉਸਨੂੰ ਬਾਪੂ ਹੋਰਾਂ ਨੇ ਤਕੜੇ ਹੋ ਕੇ ਲੜੀ ਹੈ ਅਤੇ ਅੱਜ ਆਪਣਾ ਸਾਰਾ ਕੁੱਝ ਦਾਅ ਉਤੇ ਲਾ ਕੇ ਬਾਪੂ ਹੋਰੀਂ ਬੈਠੇ ਨੇ, ਆਪਾਂ ਤਕੜੇ ਹੋ ਕੇ ਇਸ ਮੋਰਚੇ ਦੀ ਰਾਖੀ ਕਰੀਏ ਬਾਪੂ ਜੀ ਦਾ ਵੀ ਇਹ ਸੁਨੇਹਾ ਹੈ, ਬਾਪੂ ਜੀ ਅਸੀਂ ਤੁਹਾਡੇ ਨਾਲ ਹਾਂ, ਸਾਰਾ ਪੰਜਾਬ ਤੁਹਾਡੇ ਨਾਲ ਹੈ, ਚੜ੍ਹਦੀ ਕਲਾ ਹੋਏਗੀ, ਪਹਿਲਾਂ ਵੀ ਹੋਈ ਹੈ, ਇਸ ਚੀਜ਼ ਦੇ ਅਸੀਂ ਗਵਾਹ ਹਾਂ ਕਿ ਪਹਿਲਾਂ ਵੀ ਸੱਚੀ ਸੁੱਚੀ ਨਿਅਤ ਨਾਲ ਬਾਪੂ ਜੀ ਨੇ ਪਹਿਰਾ ਦਿੱਤਾ ਅਤੇ ਹੁਣ ਵੀ ਸਾਡੇ ਵਾਸਤੇ ਇੱਥੇ ਬੈਠੇ ਨੇ।'