ਚੰਡੀਗੜ੍ਹ:ਪੰਜਾਬੀ ਗਾਇਕੀ ਦੇ ਖੇਤਰ ਵਿੱਚ 'ਧਰੂ ਤਾਰੇ' ਵਾਂਗ ਅਪਣੀ ਅਲਹਦਾ ਹੋਂਦ ਦਾ ਅਹਿਸਾਸ ਲਗਾਤਾਰ ਕਰਵਾ ਰਹੇ ਹਨ ਸੂਫੀ ਗਾਇਕ ਜੀ ਖਾਨ, ਜੋ ਸੰਗੀਤ ਦੀ ਦੁਨੀਆਂ ਵਿੱਚ ਇੱਕ ਵਾਰ ਮੁੜ ਧਮਾਲ ਮਚਾਉਂਦਿਆਂ ਅਪਣਾ ਨਵਾਂ ਗਾਣਾ 'ਗੋਟ ਯੂ' ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।
'ਆਰਗੇਨਾਈਜਡ ਰਾਈਮੇ' ਵੱਲੋਂ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਗਾਣੇ ਨੂੰ ਅਵਾਜ਼ਾਂ ਜੀ ਖਾਨ ਅਤੇ ਹਾਲ ਹੀ ਵਿੱਚ ਜਾਰੀ ਹੋਏ ਗੀਤ 'ਫਲਾਈ ਕਰਕੇ' ਨਾਲ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਜੈਸਮੀਨ ਅਖ਼ਤਰ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਇਸ ਦਾ ਸੰਗੀਤ ਕੁਲਸ਼ਾਨ ਸੰਧੂ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਬਿਹਤਰੀਨ ਗਾਣਿਆਂ ਦਾ ਸੰਗੀਤ ਸੰਯੋਜਨ ਕਰ ਚੁੱਕੇ ਹਨ।
ਰੁਮਾਂਟਿਕ ਅਤੇ ਸਦਾ ਬਹਾਰ ਤਾਣੇ-ਬਾਣੇ ਅਧੀਨ ਬੁਣੇ ਗਏ ਉਕਤ ਗਾਣੇ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਣਾ ਫਤਿਹ ਸ਼ੇਰਗਿੱਲ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਦਿਲ-ਟੁੰਬਵੇਂ ਰੂਪ ਵਿੱਚ ਪ੍ਰਤੀਬਿੰਬ ਕੀਤੇ ਗਏ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਹੈਕਟਰ ਟੋਰੋ ਦੁਆਰਾ ਕੀਤੀ ਗਈ ਹੈ।