ਚੰਡੀਗੜ੍ਹ: ਪੰਜਾਬੀ ਸੰਗੀਤ ਦੇ ਖੇਤਰ ਵਿੱਚ ਬਹੁਤ ਥੋੜੇ ਜਿਹੇ ਸਮੇਂ 'ਚ ਹੀ ਮਜ਼ਬੂਤ ਪੈੜਾਂ ਸਥਾਪਿਤ ਕਰਨ ਵਿੱਚ ਸਫ਼ਲ ਰਿਹਾ ਹੈ ਪ੍ਰਤਿਭਾਵਾਨ ਗਾਇਕ ਚੰਦਰਾ ਬਰਾੜ, ਜੋ ਬਹੁਤ ਤੇਜ਼ੀ ਨਾਲ ਅਪਣਾ ਅਧਾਰ ਦਾਇਰਾ ਲਗਾਤਾਰ ਹੋਰ ਵਿਸ਼ਾਲ ਕਰਦਾ ਜਾ ਰਿਹਾ ਹੈ, ਜਿੰਨ੍ਹਾਂ ਦੇ ਵੱਧ ਰਹੇ ਇਸ ਪ੍ਰਸ਼ੰਸਕ ਦਾਇਰੇ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ ਉਨ੍ਹਾਂ ਦੇ ਕੈਨੇਡਾ ਅਤੇ ਆਸਟ੍ਰੇਲੀਆਂ ਵਿਖੇ ਅਗਲੇ ਦਿਨਾਂ ਵਿੱਚ ਆਯੋਜਿਤ ਹੋਣ ਜਾ ਰਹੇ ਕਈ ਗ੍ਰੈਂਡ ਸੋਅਜ਼, ਜਿੰਨ੍ਹਾਂ ਦੀ ਇਸ ਸ਼ਾਨਦਾਰ ਲੜੀ ਦਾ ਆਗਾਜ਼ ਜੂਨ ਮਹੀਨੇ ਤੋਂ ਹੋਣ ਜਾ ਰਿਹਾ ਹੈ।
ਅਗਲੇ ਮਹੀਨੇ ਜੂਨ ਮਿਡ ਵਿੱਚ ਸ਼ੁਰੂ ਹੋਣ ਜਾ ਰਹੀ ਇਸ ਟੂਰ ਲੜੀ ਦੀ ਸ਼ੁਰੂਆਤ ਕੈਨੇਡਾ ਤੋਂ ਹੋਵੇਗੀ, ਜਿਸ ਦੌਰਾਨ ਟਰਾਂਟੋ ਦੇ ਬਰੈਂਮਟਮ ਤੋਂ ਇਲਾਵਾ ਵਿਨੀਪੈਗ ਅਤੇ ਉੱਥੋਂ ਦੇ ਹੋਰ ਕਈ ਵੱਡੇ ਸ਼ਹਿਰਾਂ ਵਿੱਚ ਗਾਇਕ ਚੰਦਰਾ ਬਰਾੜ ਵੱਲੋਂ ਵਿਸ਼ਾਲ ਕੰਨਸਰਟ ਕੀਤੇ ਜਾਣਗੇ, ਉਪਰੰਤ ਜੁਲਾਈ ਮਹੀਨੇ ਤੋਂ ਇਸ ਟੂਰ ਲੜੀ ਦਾ ਅਗਲਾ ਅਤੇ ਆਖਰੀ ਪੜਾਅ ਬਣੇਗਾ ਆਸਟ੍ਰੇਲੀਆ, ਜਿਥੇ ਵੀ ਸਿਡਨੀ, ਮੈਲਬੋਰਨ ਤੋਂ ਇਲਾਵਾ ਹੋਰ ਕਈ ਥਾਂਵਾਂ 'ਤੇ ਮੇਘਾ ਸ਼ੋਅਜ਼ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਸੰਬੰਧਤ ਸਾਰੀਆਂ ਤਿਆਰੀਆਂ ਪ੍ਰਬੰਧਕਾਂ ਵੱਲੋਂ ਪੂਰੀਆਂ ਕਰ ਲਈਆਂ ਗਈਆਂ ਹਨ।
ਉਕਤ ਟੂਰ ਦੇ ਅਧੀਨ ਹੀ 21 ਜੂਨ ਨੂੰ ਵੀ ਵਿਨੀਪੈਗ ਵਿਖੇ ਹੋਣ ਜਾ ਰਹੇ ਕੰਨਸਰਟ ਦੀ ਕਮਾਂਡ ਗਗਨ ਬਰਾੜ, ਗੁਰਪ੍ਰੀਤ ਬੈਨੀਵਾਲ, ਗਗਨ ਬਾਗਰੀ, ਪ੍ਰੀਤ ਬਰਾੜ ਸੰਭਾਲ ਰਹੇ ਹਨ, ਜਿੰਨ੍ਹਾਂ ਅਨੁਸਾਰ 'ਬਰਾੜ ਬ੍ਰਦਰਜ਼ ਟਰਾਂਸਪੋਰਟ' ਅਤੇ 'ਯਾਰ ਮੇਰੇ ਹੀਰੇ ਇੰਟਰਟੇਨਮੈਂਟ' ਦੀ ਰਹਿਨੁਮਾਈ ਹੇਠ ਆਯੋਜਿਤ ਕੀਤੇ ਜਾ ਰਹੇ ਇਸ ਗ੍ਰੈਂਡ ਸ਼ੋਅ ਦਾ ਆਯੋਜਨ ਇੱਥੇ ਦੇ ਇਨਫਿਟੀ ਅਲਟਰਾ ਲਾਊਜ਼ ਵਿਖੇ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਜਿੱਥੇ ਇਸ ਖਿੱਤੇ ਦੇ ਦਰਸ਼ਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ, ਉਥੇ ਗਾਇਕ ਚੰਦਰਾ ਬਰਾੜ ਵੀ ਅਪਣੀ ਇਸ ਪਹਿਲੀ ਕੈਨੇਡਾ ਫੇਰੀ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ, ਜਿੰਨ੍ਹਾਂ ਦੀ ਉਮਦਾ ਗਾਇਕੀ ਦਾ ਆਨੰਦ ਇਸ ਸੂਬੇ ਦੀਆਂ ਕਈ ਮੰਨੀਆਂ ਪ੍ਰਮੰਨੀਆਂ ਸ਼ਖਸ਼ੀਅਤਾਂ ਵੀ ਮਾਣਨਗੀਆਂ।
ਮਿਆਰੀ ਗਾਇਕੀ ਅਤੇ ਗੀਤਕਾਰੀ ਦੇ ਚੱਲਦਿਆਂ ਸੰਗੀਤਕ ਗਲਿਆਰਿਆਂ ਵਿੱਚ ਚੋਖੀ ਭੱਲ ਸਥਾਪਿਤ ਕਰ ਚੁੱਕੇ ਇਸ ਹੋਣਹਾਰ ਫਨਕਾਰ ਦੀ ਬਿਹਤਰੀਨ ਅਤੇ ਸੁਰੀਲੀ ਆਵਾਜ਼ ਦਾ ਜਾਦੂ ਅੱਜਕੱਲ੍ਹ ਸਰੋਤਿਆਂ ਦੇ ਪੂਰੀ ਤਰ੍ਹਾਂ ਸਿਰ ਚੜ ਬੋਲ ਰਿਹਾ ਹੈ, ਜਿਸ ਦਾ ਅਸਰਦਾਰ ਅਹਿਸਾਸ ਉਨ੍ਹਾਂ ਦੇ ਹਿੱਟ ਰਹੇ 'ਏਨੀ ਸੋਹਣੀ ਨੀ', 'ਵੀਰੇ', 'ਵਿਟਾਮਿਨ ਯੂ', 'ਤੇਰੀ ਮਾਂ', 'ਮੂਵੀ ਵਾਲਿਆ', 'ਐਕਸਕਿਊਜ਼', 'ਮੈਸੇਜ ਸੀਨ', 'ਆਈ ਡੌਂਟ ਕੇਅਰ', 'ਬੈਚਲਰ', 'ਪਲੇ ਬੁਆਏ' ਆਦਿ ਜਿਹੇ ਕਈ ਖੂਬਸੂਰਤ ਗੀਤ ਕਰਵਾ ਚੁੱਕੇ ਹਨ।
ਗਿੱਪੀ ਗਰੇਵਾਲ ਦੇ 'ਹੰਬਲ ਮਿਊਜ਼ਿਕ' ਤੋਂ ਲੈ ਕੇ 'ਸਪੀਡ ਰਿਕਾਰਡਜ਼' ਜਿਹੇ ਨਾਮਵਰ ਸੰਗੀਤਕ ਲੇਬਲ ਨਾਲ ਗਾਇਕੀ ਪ੍ਰਸਤੁਤੀਕਰਨ ਕਰ ਚੁੱਕਾ ਇਹ ਪ੍ਰਤਿਭਾਸ਼ਾਲੀ ਗਾਇਕ ਅਤੇ ਗੀਤਕਾਰ ਆਉਣ ਵਾਲੇ ਦਿਨਾਂ ਵਿੱਚ ਵੀ ਕਈ ਸਦਾ ਬਹਾਰ ਟਰੈਕ ਲੈ ਕੇ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਵੇਗਾ।