ਲੁਧਿਆਣਾ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇਸ ਵਾਰ ਲੁਧਿਆਣਾ ਵਾਸੀਆਂ ਦੇ ਨਵੇਂ ਸਾਲ ਦੇ ਜਸ਼ਨਾਂ ਨੂੰ ਦੁੱਗਣਾ ਕਰ ਦਿੱਤਾ। ਦਿਲਜੀਤ ਨੇ ਆਪਣੇ ਗੀਤਾਂ ਨਾਲ ਲੁਧਿਆਣਾ ਵਾਸੀਆਂ ਦਾ ਦਿਲ ਜਿੱਤ ਲਿਆ। ਦਿਲ-ਲੂਮੀਨਾਟੀ ਟੂਰ ਦਾ ਆਖਰੀ ਕੰਸਰਟ ਲੁਧਿਆਣਾ ਵਿੱਚ ਸਮਾਪਤ ਹੋਇਆ। ਦਿਲਜੀਤ ਨੇ ਇਕ ਵਾਰ ਸਟੇਜ ਤੋਂ ਕਿਹਾ ਕਿ "ਕਈਆਂ ਦੇ ਇਹ ਲਾਈਨ ਬਹੁਤ ਚੁੱਭਦੀ ਹੈ, ਪਰ ਅਸੀਂ ਤਾਂ ਵਾਰ-ਵਾਰ ਕਹਾਂਗੇ- ਮੈਂ ਹੂੰ ਪੰਜਾਬ ..."
'ਪੰਜਾਬੀ ਆ ਗਏ ਓਏ' ਸੁਣਦੇ ਹੀ ਝੂਮ ਉੱਠੇ ਦਰਸ਼ਕ
ਦਿਲਜੀਤ ਜਿਵੇਂ ਹੀ ਸਟੇਜ 'ਤੇ ਐਂਟਰੀ ਕੀਤੀ ਤਾਂ, ਉਨ੍ਹਾਂ ਨੇ ਆਪਣਾ ਸੱਜਾ ਹੱਥ ਚੁੱਕਿਆ ਅਤੇ ਕਿਹਾ, 'ਪੰਜਾਬੀ ਆ ਗਏ ਓਏ... ਇੰਨਾ ਸੁਣਦੇ ਹੀ ਸਾਰੇ ਦਰਸ਼ਕਾਂ ਨੇ ਦਿਲਜੀਤ ਦਾ ਹੂਟਿੰਗ ਨਾਲ ਸਵਾਗਤ ਕੀਤਾ। ਸਟੇਜ 'ਤੇ ਆਉਂਦੇ ਹੀ ਦਿਲਜੀਤ ਨੇ ਆਪਣੇ ਦਿਲ ਦੀਆਂ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਫਿਰ ਨਾਲ-ਨਾਲ ਆਪਣੇ ਗੀਤਾਂ ਉੱਤੇ ਖਚਾ-ਖਚ ਭਰੇ ਪੰਡਾਲ ਨੂੰ ਆਪਣੇ ਪੈਰਾਂ ਉੱਤੇ ਥਿਰਕਣ ਲਈ ਮਜਬੂਰ ਕਰ ਦਿੱਤਾ।
ਮੁੰਹਮਦ ਸਦੀਕ ਨਾਲ ਸਾਂਝੀ ਕੀਤੀ ਸਟੇਜ
ਇਸ ਮੌਕੇ ਦਿਲਜੀਤ ਦੋਸਾਂਝ ਨੇ ਪੰਜਾਬੀ ਗਾਇਕ ਮੁੰਹਮਦ ਸਦੀਕ ਨਾਲ ਸਟੇਜ ਸਾਂਝੀ ਕੀਤੀ। ਇਸ ਮੌਕੇ ਦੋਨਾਂ ਨੇ 'ਮਲਕੀ ਖੂਹ ਦੇ ਉਤੋ ਭਰਦੀ ਪਈ ਸੀ ਪਾਣੀ ...' ਗੀਤ ਗਾਇਆ ਜਿਸ ਦਾ ਦਰਸ਼ਕਾਂ ਵਲੋਂ ਖੂਬ ਆਨੰਦ ਮਾਣਿਆ ਗਿਆ।
ਵੱਡੀ ਗਿਣਤੀ ਵਿੱਚ ਪਹੁੰਚੇ ਲੋਕ, ਠੰਢ ਵੀ ਭੁੱਲੇ
ਦਿਲਜੀਤ ਦੇ ਸ਼ੋਅ 'ਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਰਾਤ ਦੇ 12 ਵੱਜਦੇ ਹੀ ਪੀਏਯੂ ਗਰਾਊਂਡ ਪਟਾਕਿਆਂ ਨਾਲ ਗੂੰਜ ਉੱਠਿਆ। ਸ਼ੋਅ ਨੇ ਇੰਨਾ ਤਹਿਲਕਾ ਮਚਾਇਆ ਕਿ ਲੋਕਾਂ ਨੂੰ ਠੰਢ ਦਾ ਅਹਿਸਾਸ ਨਹੀਂ ਹੋਇਆ। ਦਿਲਜੀਤ ਦਾ ਇਹ ਸ਼ੋਅ ਦਿੱਲੀ ਤੋਂ ਸ਼ੁਰੂ ਹੋ ਕੇ ਦੇਸ਼ ਦੇ 10 ਹਿੱਸਿਆ 'ਚ ਚੱਲਿਆ। ਦਿਲਜੀਤ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦਾ ਵਿਸ਼ੇਸ਼ ਸਹਿਯੋਗ ਦੇਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।
ਜ਼ਿਕਰਯੋਗ ਹੈ ਕਿ ਸ਼ੋਅ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਅਤੇ 14000 ਗੱਡੀਆਂ ਦੀ ਪਾਰਕਿੰਗ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨੇੜੇ-ਤੇੜੇ ਦੇ ਸਾਰੇ ਹੀ ਏਰੀਏ ਦੇ ਕਾਲਜ ਸਕੂਲ ਆਦਿ ਨੂੰ ਪਾਰਕਿੰਗ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। 2 ਤੋਂ 3 ਕਿਲੋਮੀਟਰ ਦੇ ਇਲਾਕੇ ਵਿੱਚ ਪਾਰਕਿੰਗ ਬਣਾਈ ਗਈ, ਹਾਲਾਂਕਿ ਵੀਆਈਪੀ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ ਹੀ ਪਾਰਕਿੰਗ ਬਣਾਈ ਗਈ ਹੈ।