ਚੰਡੀਗੜ੍ਹ: ਪੰਜਾਬੀ ਲਘੂ ਫਿਲਮਾਂ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕਾ ਹੈ ਨੌਜਵਾਨ ਫਿਲਮਕਾਰ ਅਮਨ ਮਹਿਮੀ, ਜੋ ਬਤੌਰ ਨਿਰਦੇਸ਼ਕ ਅਪਣੀ ਨਵੀਂ ਫਿਲਮ 'ਭੂਆ ਦਾ ਸੰਧਾਰਾ' ਲੈ ਕੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਿਹਾ ਹੈ, ਜੋ ਜਲਦ ਸ਼ੋਸ਼ਲ ਮੀਡੀਆ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਹੀ ਹੈ।
'ਮਹਿਮੀ ਮੂਵੀਜ਼' ਦੇ ਬੈਨਰ ਹੇਠ ਬਣਾਈ ਗਈ ਇਸ ਅਰਥ-ਭਰਪੂਰ ਫਿਲਮ ਦਾ ਲੇਖਨ ਅਮਨ ਗਿੱਲ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਅਨੁਸਾਰ ਪਰਿਵਾਰਕ ਰਿਸ਼ਤਿਆਂ ਦੀ ਅਸਲ ਪੰਜਾਬ ਵਿੱਚ ਰਹੀ ਮਹੱਤਤਾ ਅਤੇ ਮੌਜੂਦਾ ਸਮੇਂ ਵਿੱਚ ਪੂਰੀ ਤਰ੍ਹਾਂ ਤਿੜਕ ਚੁੱਕੀਆਂ ਇਹ ਆਪਸੀ ਤੰਦਾਂ ਦਾ ਭਾਵਨਾਤਮਕ ਜ਼ਿਕਰ ਕਰੇਗੀ ਇਹ ਪੰਜਾਬੀ ਲਘੂ ਫਿਲਮ, ਜਿਸ ਦੁਆਰਾ ਅਸਰ ਗਵਾ ਚੁੱਕੀਆਂ ਕਦਰਾਂ-ਕੀਮਤਾਂ, ਗੁਆਚਦੇ ਜਾ ਰਹੇ ਰੀਤੀ ਰਿਵਾਜਾਂ ਅਤੇ ਵੰਨਗੀਆਂ ਨੂੰ ਮੁੜ ਸੁਰਜੀਤ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਗਈ ਹੈ।
ਪਰਿਵਾਰਿਕ ਅਤੇ ਮਨ ਨੂੰ ਮੋਹ ਲੈਣ ਵਾਲੀ ਕਹਾਣੀ ਅਧਾਰਿਤ ਇਸ ਪੰਜਾਬੀ ਲਘੂ ਫਿਲਮ ਵਿੱਚ ਮਲਕੀਤ ਸਿੰਘ ਔਲਖ, ਗੁਰਚਰਨ ਕੌਰ ਗਿੱਲ, ਮਨਜੀਤ ਕੌਰ ਸੋਹੀ, ਸੁਖਜੀਤ ਕੌਰ ਗਿੱਲ, ਦਲੇਰ ਸਿੰਘ ਗਿੱਲ, ਹਰਮੇਲ ਸਿੰਘ ਗਿੱਲ, ਸੰਜੀਵ ਕੁਮਾਰ ਅਤੇ ਗੁਰਸਾਹਿਬ ਸਿੰਘ ਗਿੱਲ ਆਦਿ ਵੱਲੋਂ ਲੀਡਿੰਗ ਕਿਰਦਾਰ ਅਦਾ ਕੀਤੇ ਗਏ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਚਰਚਿਤ ਪੰਜਾਬੀ ਲਘੂ ਫਿਲਮਾਂ ਦਾ ਸ਼ਾਨਦਾਰ ਹਿੱਸਾ ਰਹੇ ਹਨ।
ਹਾਲ ਹੀ ਸਮੇਂ ਵਿੱਚ ਸਾਹਮਣੇ ਆਈ ਅਪਣੀ ਇੱਕ ਹੋਰ ਬਿਹਤਰੀਨ ਪੰਜਾਬੀ ਲਘੂ ਫਿਲਮ 'ਟਾਹਲੀ' ਨੂੰ ਲੈ ਕੇ ਵੀ ਖਾਸੀ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਨਿਰਦੇਸ਼ਕ ਅਮਨ ਮਹਿਮੀ, ਜੋ ਠੇਠ ਪੰਜਾਬੀ ਮਾਹੌਲ ਨੂੰ ਦਰਸਾਉਂਦਿਆਂ ਅਤੇ ਸੱਚੇ ਮੁੱਦਿਆਂ ਦੀ ਤਰਜ਼ਮਾਨੀ ਕਰਦੀਆਂ ਕਈ ਪੰਜਾਬੀ ਲਘੂ ਫਿਲਮਾਂ ਨੂੰ ਸਾਹਮਣੇ ਲਿਆਉਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜਿੰਨ੍ਹਾਂ ਵਿੱਚ 'ਕੋਚ ਸਾਹਿਬ', 'ਜਿਉਂਦਿਆਂ ਦਾ ਭੂਤ', 'ਫੱਕਰ', 'ਨਾਮੀ', 'ਤੁੰਗਲ' ਆਦਿ ਸ਼ੁਮਾਰ ਰਹੀਆਂ ਹਨ, ਜੋ ਰਾਜ ਪੱਧਰੀ ਫਿਲਮ ਸਮਾਰੋਹਾਂ ਵਿੱਚ ਵੀ ਅਪਣੀ ਉਪ-ਸਥਿਤੀ ਦਰਜ ਕਰਵਾ ਮਾਨ ਸਨਮਾਨ ਵੀ ਅਪਣੀ ਝੋਲੀ ਪਾ ਚੁੱਕੀਆਂ ਹਨ।
ਮੂਲ ਰੂਪ ਵਿੱਚ ਮਾਲਵਾ ਦੇ ਜ਼ਿਲ੍ਹਾਂ ਬਠਿੰਡਾ ਨਾਲ ਸੰਬੰਧਤ ਨਿਰਦੇਸ਼ਕ ਅਮਨ ਮਹਿਮੀ ਐਡੀਟਿੰਗ ਅਤੇ ਸਿਨੇਮਾਟੋਗ੍ਰਾਫਰੀ ਕਾਰਜਾਂ ਵਿੱਚ ਵੀ ਕਾਫ਼ੀ ਮੁਹਾਰਤ ਅਤੇ ਪਕੜ੍ਹ ਰੱਖਦੇ ਹਨ, ਜੋ ਆਉਣ ਵਾਲੇ ਦਿਨਾਂ ਵਿੱਚ ਅਪਣੇ ਕੁਝ ਹੋਰ ਲਘੂ ਫਿਲਮ ਪ੍ਰੋਜੈਕਟਸ ਦੀ ਵੀ ਸ਼ੁਰੂਆਤ ਕਰਨ ਜਾ ਰਹੇ ਹਨ।