ਪੰਜਾਬੀ ਫਿਲਮ 'ਪਿੰਡ ਆਲਾ ਸਕੂਲ' ਫਰੀਦਕੋਟ: ਪਾਲੀਵੁੱਡ ਗਲਿਆਰੇ ਵਿੱਚ ਇਸ ਸਮੇਂ ਕਈ ਪੰਜਾਬੀ ਫਿਲਮਾਂ ਲਗਾਤਾਰ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਹੀਆਂ ਹਨ, ਇਨ੍ਹਾਂ ਵਿੱਚੋਂ ਹੀ ਇੱਕ ਪ੍ਰੀਤ ਹਰਪਾਲ ਅਤੇ ਹਰਸਿਮਰਨ ਓਬਰਾਏ ਸਟਾਰਰ ਪੰਜਾਬੀ ਫਿਲਮ 'ਪਿੰਡ ਆਲਾ ਸਕੂਲ' ਹੈ। ਇਹ ਫਿਲਮ 3 ਮਈ ਯਾਨੀ ਕਿ ਕੱਲ੍ਹ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ।
ਮੁੱਖ ਕਲਾਕਾਰਾਂ ਤੋਂ ਇਲਾਵਾ ਨਿਰਮਲ ਰਿਸ਼ੀ, ਗੋਲਿਸ ਮਾਝੇਵਾਲਾ, ਗੁਰਤੇਗ ਗੁਰਲ, ਮਿਸ਼ਰੀ ਕੌਰ, ਸੰਜੂ ਸੋਲੰਕੀ, ਮਲਕੀਤ ਰੌਣੀ, ਰਵਿੰਦਰ ਮੰਡ, ਰਣਦੀਪ ਭੰਗੂ, ਫੱਤਰ ਸਿਆਨ, ਟਾਟਾ ਬੈਨੀਪਾਲ, ਬੰਟੀ ਢਿੱਲੋਂ, ਮਨੂ ਭਾਰਦਵਾਜ, ਮਲਕੀਤ ਮਲੰਗਾ, ਕਰਮਪੁਰ, ਹਨੀ ਸ਼ੇਰਗਿੱਲ, ਸਤਬੀਰ ਕੌਰ, ਸਮਰਾ ਵਰਗੇ ਸ਼ਾਨਦਾਰ ਕਲਾਕਾਰ ਇਸ ਫਿਲਮ ਦੀ ਸ਼ਾਨ ਵਧਾ ਰਹੇ ਹਨ।
ਸਕੂਲੀ ਪੜ੍ਹਾਈ ਅਤੇ ਸਿੱਖਿਆ 'ਤੇ ਆਧਾਰਿਤ ਇਸ ਫਿਲਮ ਦਾ ਨਿਰਦੇਸ਼ਨ ਫਹਿਤ ਨੇ ਕੀਤਾ ਹੈ ਅਤੇ ਇਸ ਦਾ ਸਟੋਰੀ ਲੇਖਨ ਤਾਜ ਦੁਆਰਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤੇਜਿੰਦਰ ਸਿੰਘ, ਪਰਵਿੰਦਰ ਸਿੰਘ ਸੈਣੀ ਅਤੇ ਬਲਜਿੰਦਰ ਸਿੰਘ ਨੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ।
ਹਾਲ ਹੀ ਵਿੱਚ ਫਿਲਮ ਦੇ ਪ੍ਰਮੋਸ਼ਨ ਲਈ ਫਿਲਮ ਦੀ ਸਟਾਰ ਕਾਸਟ ਫਰੀਦਕੋਟ ਪੁੱਜੀ, ਜਿੱਥੇ ਪੂਰੀ ਟੀਮ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਮੌਕੇ ਫਿਲਮ ਦੇ ਕਲਾਕਾਰਾਂ ਨੇ ਗੱਲਬਾਤ ਕਰਦਿਆਂ ਕਾਫੀ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਆਮ ਵਿਸ਼ਿਆਂ ਤੋਂ ਹੱਟ ਕੇ ਇੱਕ ਸਮਾਜਿਕ ਵਿਸ਼ੇ ਨੂੰ ਲੈ ਕੇ ਇਹ ਫਿਲਮ ਬਣਾਈ ਗਈ ਹੈ, ਜਿਸ 'ਚ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਹਾਲਾਤ ਅਤੇ ਉਥੇ ਡਿਊਟੀ ਕਰਨ ਵਾਲੇ ਅਧਿਆਪਕਾਂ ਨੂੰ ਆਉਣ ਵਾਲੀਆਂ ਔਕੜਾਂ ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਗੱਲ ਕੀਤੀ ਗਈ ਹੈ। ਫਿਲਮ ਸਿੱਖਿਆ ਵਰਗੇ ਵੱਡੇ ਵਿਸ਼ੇ ਉਤੇ ਕਾਫੀ ਚਰਚਾ ਕਰਦੀ ਨਜ਼ਰੀ ਪਏਗੀ।
ਇਸ ਦੌਰਾਨ ਫਿਲਮ ਦੇ ਮੁੱਖ ਅਦਾਕਾਰ ਪ੍ਰੀਤ ਹਰਪਾਲ ਨੇ ਕਿਹਾ, 'ਮੈਂ ਪਹਿਲਾਂ ਵੀ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ ਪਰ ਇਸ ਫਿਲਮ ਦੀ ਕਹਾਣੀ ਨੇ ਮੈਨੂੰ ਬਹੁਤ ਖਿੱਚਿਆ ਹੈ, ਮੈਂ ਇਸ ਨੂੰ ਲੈ ਕੇ ਬਹੁਤ ਖੁਸ਼ ਹਾਂ।' ਇਸ ਤੋਂ ਇਲਾਵਾ ਅਦਾਕਾਰ ਸੰਜੂ ਸੋਲੰਕੀ ਨੇ ਇਸ ਫਿਲਮ ਦੇ ਪ੍ਰੋਜੈਕਟ ਨੂੰ ਆਪਣਾ ਸਭ ਤੋਂ ਵਿਸ਼ੇਸ਼ ਪ੍ਰੋਜੈਕਟ ਦੱਸਿਆ ਹੈ।