ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ 'ਚ ਚਰਚਿਤ ਨਾਂਅ ਵਜੋਂ ਸ਼ੁਮਾਰ ਕਰਵਾਉਂਦੇ ਨੌਜਵਾਨ ਗਾਇਕ ਧੀਰਾ ਗਿੱਲ ਬਤੌਰ ਅਦਾਕਾਰ ਅਪਣੀ ਨਵੀਂ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਪੰਜਾਬੀ ਸਿਨੇਮਾ ਖੇਤਰ ਵਿੱਚ ਮਜ਼ਬੂਤ ਪੈੜਾਂ ਸਿਰਜਣ ਦੀ ਸ਼ੂਰੂ ਕੀਤੀ ਗਈ ਇਸ ਕਵਾਇਦ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ, ਉਨ੍ਹਾਂ ਦੀ ਪਹਿਲੀ ਫਿਲਮ 'ਹਾਏ ਬੀਬੀਏ ਕਿਥੇ ਫਸ ਗਏ', ਜਿਸ ਦਾ ਪਹਿਲਾਂ ਗਾਣਾ 'ਲਹਿਰ' 05 ਅਗਸਤ ਨੂੰ ਜਾਰੀ ਹੋਣ ਜਾ ਰਿਹਾ ਹੈ।
'ਸੰਧੂ ਇੰਟਰਟੇਨਮੈਂਟ' ਦੇ ਬੈਨਰ ਅਤੇ 'ਮਾਝਾ ਪ੍ਰੋਡੋਕਸ਼ਨ' ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਸਿਮਰਨਜੀਤ ਸਿੰਘ ਹੁੰਦਲ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਬਤੌਰ ਨਿਰਦੇਸ਼ਕ 'ਜੱਟ ਬੁਆਏਜ਼: ਪੁੱਤ ਜੱਟਾ ਦੇ', 'ਗੰਨ ਐਂਡ ਗੋਲ', 'ਰੱਬਾ ਰੱਬਾ ਮੀਂਹ ਵਰਸਾ', 'ਮਾਈਨਿੰਗ: ਰੇਤੇ ਤੇ ਕਬਜ਼ਾ' ਜਿਹੀਆਂ ਕਈ ਚਰਚਿਤ ਪੰਜਾਬੀ ਫਿਲਮਾਂ ਨਾਲ ਜੁੜੇ ਰਹੇ ਹਨ।
23 ਅਗਸਤ ਨੂੰ ਸਿਨੇਮਾ ਘਰਾਂ 'ਚ ਜਾਰੀ ਹੋਣ ਵਾਲੀ ਉਕਤ ਫਿਲਮ ਦੇ ਸਾਹਮਣੇ ਆਉਣ ਜਾ ਰਹੇ ਗਾਣੇ ਨੂੰ ਅਵਾਜ਼ ਅਤੇ ਬੋਲ ਹੈਪੀ ਰਾਏਕੋਟੀ ਨੇ ਦਿੱਤੇ ਹਨ, ਜਦਕਿ ਇਸ ਦਾ ਮਿਊਜ਼ਿਕ ਬਲੈਕ ਵਾਇਰਸ ਦੁਆਰਾ ਤਿਆਰ ਕੀਤਾ ਗਿਆ ਹੈ।