ਚੰਡੀਗੜ੍ਹ: ਪੰਜਾਬੀ ਫਿਲਮ ਉਦਯੋਗ ਵਿੱਚ ਸ਼ੂਟਿੰਗਜ਼, ਰਿਲੀਜ਼ ਅਤੇ ਨਵ-ਫਿਲਮਾਂ ਦੀ ਅਨਾਊਂਸਮੈਂਟ ਦਾ ਸਿਲਸਿਲਾ ਇੰਨੀ-ਦਿਨੀਂ ਜ਼ੋਰਾਂ ਉਤੇ ਹੈ, ਜਿਸ ਦੇ ਮੱਦੇਨਜ਼ਰ ਹੀ ਸੰਪੂਰਨਤਾ ਦੇ ਆਖਰੀ ਪੜਾਅ ਦਾ ਸਫ਼ਰ ਹੰਢਾਂ ਰਹੀ ਹੈ, ਇੱਕ ਹੋਰ ਬਹੁ-ਚਰਚਿਤ ਪੰਜਾਬੀ ਫਿਲਮ 'ਪੰਜਾਬੀ ਆ ਗਏ ਓਏ', ਜੋ ਜਲਦ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਹੋਣ ਜਾ ਰਹੀ ਹੈ।
'ਆਦਿਤਿਆ ਗਰੁੱਪ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਆਦਿਤਿਆ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਵੱਡੀਆਂ ਅਤੇ ਬਹੁ-ਚਰਚਿਤ ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਓਏ ਹੋਏ ਪਿਆਰ ਹੋ ਗਿਆ', 'ਤੇਰੀ ਮੇਰੀ ਜੋੜੀ' ਅਤੇ 'ਮਰ ਜਾਵਾਂ ਗੁੜ ਖਾ ਕੇ', 'ਸੈਕਟਰ 17' ਆਦਿ ਸ਼ੁਮਾਰ ਰਹੀਆਂ ਹਨ।
ਐਕਸ਼ਨ-ਡਰਾਮਾ ਥੀਮ ਅਧਾਰਿਤ ਇਸ ਫਿਲਮ ਵਿੱਚ ਗਾਇਕ ਅਤੇ ਅਦਾਕਾਰ ਸਿੰਗਾ ਮੁੱਖ ਰੋਲ ਅਦਾ ਕਰ ਰਹੇ ਹਨ, ਜੋ ਕਾਫ਼ੀ ਲੰਮੇਂ ਵਕਫ਼ੇ ਬਾਅਦ ਪੰਜਾਬੀ ਸਿਨੇਮਾ ਵਿੱਚ ਸ਼ਾਨਦਾਰ ਕਮਬੈਕ ਕਰਨ ਜਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਪ੍ਰਿੰਸ ਕੰਵਲਜੀਤ ਸਿੰਘ ਵੀ ਮਹੱਤਵਪੂਰਨ ਕਿਰਦਾਰ ਪਲੇਅ ਕਰਦੇ ਨਜ਼ਰੀ ਪੈਣਗੇ, ਜੋ ਅਪਣੇ ਚਿਰ ਪਰਿਚਤ ਅੰਦਾਜ਼ ਨੂੰ ਇੱਕ ਵਾਰ ਮੁੜ ਪ੍ਰਤੀਬਿੰਬ ਕਰਨ ਜਾ ਰਹੇ ਹਨ।