ਚੰਡੀਗੜ੍ਹ: ਸਾਹਿਤ ਅਤੇ ਰੰਗਮੰਚ ਦੀ ਦੁਨੀਆਂ ਵਿੱਚ ਮਾਣਮੱਤੀ ਪਹਿਚਾਣ ਸਥਾਪਿਤ ਚੁੱਕੇ ਹਨ ਪਾਲੀ ਭੁਪਿੰਦਰ, ਜੋ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਵੀ ਬਤੌਰ ਲੇਖਕ ਅਤੇ ਨਿਰਦੇਸ਼ਕ ਮਜ਼ਬੂਤ ਪੈੜਾਂ ਸਿਰਜਣ ਲਈ ਲਗਾਤਾਰ ਯਤਨਸ਼ੀਲ ਹਨ, ਜਿੰਨ੍ਹਾਂ ਦੇ ਇਸ ਦਿਸ਼ਾਂ ਵਿੱਚ ਵਧਾਏ ਜਾ ਰਹੇ ਪ੍ਰਭਾਵੀ ਕਦਮਾਂ ਦਾ ਹੀ ਇਜ਼ਹਾਰ ਕਰਵਾਉਂਣ ਜਾ ਰਹੀ ਹੈ ਪੰਜਾਬੀ ਫਿਲਮ 'ਗੁਰਮੁੱਖ', ਜੋ ਦਰਸ਼ਕਾਂ ਦੀ ਲੰਮੀ ਉਡੀਕ ਬਾਅਦ ਆਖਿਰਕਾਰ ਰਿਲੀਜ਼ ਲਈ ਤਿਆਰ ਹੈ।
'ਕੇਬਲਵਨ' ਅਤੇ 'ਸਾਗਾ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਸਾਇਆ ਫਿਲਮਜ਼ ਦੀ ਇਨ ਐਸੋਸੀਏਸ਼ਨ' ਅਧੀਨ ਸਾਹਮਣੇ ਆਉਣ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਪਾਲੀ ਭੁਪਿੰਦਰ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਦੀ ਪ੍ਰਭਾਵੀ ਨਿਰਦੇਸ਼ਨ ਸਮਰੱਥਾ ਦਾ ਪ੍ਰਗਟਾਵਾ ਕਰਵਾਉਂਦੀ ਇਹ ਬਹੁ-ਚਰਚਿਤ ਫਿਲਮ ਜਲਦ ਹੀ ਪੰਜਾਬੀ ਓਟੀਟੀ ਪਲੇਟਫ਼ਾਰਮ ਉਪਰ ਸਟ੍ਰੀਮ ਹੋਣ ਜਾ ਰਹੀ ਹੈ।
'ਪੱਗ ਸਿਰਫ਼ ਸੱਤ ਮੀਟਰ ਦਾ ਕੱਪੜਾ ਨਹੀਂ, ਇੱਜ਼ਤ ਅਤੇ ਪਹਿਚਾਣ ਦੀ ਨਿਸ਼ਾਨੀ ਏ'...ਦੀ ਟੈਗ ਲਾਇਨ ਅਧੀਨ ਬਣਾਈ ਗਈ ਉਕਤ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਕੁਲਜਿੰਦਰ ਸਿੱਧੂ ਅਤੇ ਸਾਰਾ ਗੁਰਪਾਲ ਵੱਲੋਂ ਲੀਡ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ, ਜਿੰਨ੍ਹਾਂ ਤੋਂ ਇਲਾਵਾ ਸਰਦਾਰ ਸੋਹੀ, ਆਕਾਂਸ਼ਾਂ ਸ਼ਰੀਨ ਵਰਮਾ, ਯਾਦ ਗਰੇਵਾਲ, ਮਲਕੀਤ ਰੌਣੀ, ਗੁਰਪ੍ਰੀਤ ਤੋਤੀ, ਕਰਨ ਸਾਧਾਂਵਾਲੀਆ, ਹਰਜੀਤ ਵਾਲੀਆ ਅਤੇ ਗੁਰਲੀਨ ਚੋਪੜਾ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।
24 ਜਨਵਰੀ 2025 ਨੂੰ ਕੈਬਲਵਨ ਨੈੱਟਵਰਕ ਉੱਪਰ ਸਟ੍ਰੀਮ ਹੋਣ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਸੁਮਿਤ ਸਿੰਘ ਅਤੇ ਗੁਰਪ੍ਰੀਤ ਸਿੰਘ ਹਨ। ਸਾਲ 2013 ਵਿੱਚ ਆਈ 'ਸਟੂਪਿਡ 7' ਨਾਲ ਅਪਣੇ ਡਾਇਰੈਕਟੋਰੀਅਲ ਸਫ਼ਰ ਦਾ ਅਗਾਜ਼ ਕਰਨ ਵਾਲੇ ਪਾਲੀ ਭੁਪਿੰਦਰ 11 ਸਾਲਾਂ ਬਾਅਦ ਨਿਰਦੇਸ਼ਕ ਦੇ ਰੂਪ ਵਿੱਚ ਸ਼ਾਨਦਾਰ ਵਾਪਸੀ ਕਰਨ ਜਾ ਰਹੇ ਹਨ, ਹਾਲਾਂਕਿ ਲੇਖਕ ਦੇ ਤੌਰ ਉਤੇ ਇਸ ਸਮੇਂ ਦੌਰਾਨ ਉਹ ਕਈ ਫਿਲਮਾਂ ਦਾ ਹਿੱਸਾ ਰਹੇ ਹਨ, ਜਿੰਨ੍ਹਾਂ ਵਿੱਚ 'ਲਾਵਾਂ ਫੇਰੇ', 'ਤੂੰ ਮੇਰੀ ਮੈਂ ਤੇਰਾ' ਅਤੇ 'ਲੋਕ' ਆਦਿ ਸ਼ੁਮਾਰ ਰਹੀਆਂ ਹਨ।
ਇਹ ਵੀ ਪੜ੍ਹੋ: