ਚੰਡੀਗੜ੍ਹ: ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਿੰਦੀ ਫਿਲਮ 'ਧੁਰੰਦਰ' ਦੇ ਅਹਿਮ ਹਿੱਸੇ ਦੀ ਸ਼ੂਟਿੰਗ ਇੰਨੀਂ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ, ਜਿਸ ਸੰਬੰਧਤ ਸ਼ੈਡਿਊਲ ਦਾ ਅਜ਼ੀਮ ਪੰਜਾਬੀ ਅਦਾਕਾਰਾ ਸਵਿਤਾ ਧਵਨ ਨੂੰ ਵੀ ਪ੍ਰਭਾਵੀ ਹਿੱਸਾ ਬਣਾਇਆ ਗਿਆ ਹੈ, ਜੋ ਰਣਬੀਰ ਸਿੰਘ ਸਟਾਰਰ ਇਸ ਚਰਚਿਤ ਫਿਲਮ ਲਈ ਅਪਣੇ ਫੇਜ਼ ਦੀ ਸ਼ੂਟਿੰਗ ਨੂੰ ਅੰਜ਼ਾਮ ਦੇਣ ਵਿੱਚ ਜੁਟ ਗਏ ਹਨ।
'ਜੀਓ ਸਟੂਡਿਓਜ਼' ਅਤੇ 'ਬੀ 62 ਸਟੂਡੀਓਜ਼' ਵੱਲੋਂ ਪੇਸ਼ ਕੀਤੀ ਜਾਣ ਵਾਲੀ ਉਕਤ ਫਿਲਮ ਦਾ ਨਿਰਦੇਸ਼ਕ ਅਦਿਤਿਆ ਧਰ ਵੱਲੋਂ ਕੀਤਾ ਜਾ ਰਿਹਾ ਹੈ, ਜੋ ਇਸ ਤੋਂ ਪਹਿਲਾਂ ਨੈਸ਼ਨਲ ਐਵਾਰਡ ਜੇਤੂ ਅਤੇ ਸੁਪਰ-ਡੁਪਰ ਹਿੱਟ ਰਹੀ 'ਉੜੀ' ਸਮੇਤ 'ਆਰਟੀਕਲ 370', 'ਰਣਵੇ 34' ਆਦਿ ਜਿਹੀਆਂ ਬਿਹਤਰੀਨ ਅਤੇ ਬਿੱਗ ਸੈੱਟਅੱਪ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਮਲਟੀ-ਸਟਾਰਰ ਸੈੱਟਅੱਪ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਉਕਤ ਥ੍ਰਿਲਰ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਰੋਲ ਵਿੱਚ ਨਜ਼ਰ ਆਵੇਗੀ ਅਦਾਕਾਰਾ ਸਵਿਤਾ ਧਵਨ, ਜਿੰਨ੍ਹਾਂ ਅਨੁਸਾਰ ਸਰਹੱਦੀ ਦੂਰੀਆਂ ਦੇ ਤਾਣੇ-ਬਾਣੇ ਅਧੀਨ ਬੁਣੀ ਇਸ ਫਿਲਮ ਵਿੱਚ ਬੇਹੱਦ ਚੁਣੌਤੀਪੂਰਨ ਰੋਲ ਅਦਾ ਕਰਨ ਦਾ ਅਵਸਰ ਉਨ੍ਹਾਂ ਨੂੰ ਮਿਲਿਆ ਹੈ, ਜਿਸ ਅਧੀਨ ਰਣਵੀਰ ਸਿੰਘ ਨਾਲ ਅਹਿਮ ਦ੍ਰਿਸ਼ਾਂ ਨੂੰ ਅੰਜ਼ਾਮ ਦੇਣਾ ਅਤੇ ਅਦਿਤਿਆ ਧਰ ਦੀ ਸ਼ਾਨਦਾਰ ਨਿਰਦੇਸ਼ਨਾਂ ਹੇਠ ਕੰਮ ਕਰ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।