ਚੰਡੀਗੜ੍ਹ: ਹਾਲੀਆ ਸਮੇਂ ਰਿਲੀਜ਼ ਹੋਈ ਅਤੇ ਬਹੁ-ਚਰਚਿਤ ਪੰਜਾਬੀ ਫ਼ਿਲਮ 'ਮੁੰਡਾ ਸਾਊਥਹਾਲ' ਵਲੋਂ ਪਾਲੀਵੁੱਡ ਵਿੱਚ ਸ਼ਾਨਦਾਰ ਡੈਬਿਊ ਕਰਨ ਵਾਲੀ ਕੈਨੇਡੀਅਨ ਅਦਾਕਾਰਾ ਪ੍ਰੀਤ ਔਜਲਾ ਅੱਜਕਲ੍ਹ ਪੰਜਾਬੀ ਸਿਨੇਮਾਂ ਦੇ ਚਰਚਿਤ ਚਿਹਰਿਆਂ ਵਿੱਚ ਅਪਣਾ ਸ਼ੁਮਾਰ ਕਰਵਾ ਰਹੀ ਹੈ, ਜੋ ਜਲਦ ਹੀ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਵਲੋਂ ਇਕ ਵਾਰ ਫਿਰ ਸਿਨੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੀ ਹੈ।
ਅਦਾਕਾਰਾ ਨੇ ਸੀਏ ਵਜੋਂ ਵੀ ਕੀਤੀ ਨੌਕਰੀ : ਮੂਲ ਰੂਪ ਵਿਚ ਪੰਜਾਬ ਨਾਲ ਸਬੰਧਤ, ਪਰ ਕੈਨੇਡਾ ਵਿਖੇ ਜੰਮਪਲ ਤੇ ਪੜ੍ਹਾਈ ਕਰਨ ਵਾਲੀ ਅਦਾਕਾਰਾ ਪ੍ਰੀਤ ਔਜਲਾ ਯੂਬੀਸੀ ਤੋਂ ਬਿਜਨੈਸ ਡਿਗਰੀ ਹਾਸਿਲ ਕਰਨ ਦੇ ਨਾਲ ਨਾਲ ਚਾਰਟਰਡ ਅਕਾਊਂਟੈਂਟ ਵਜੋਂ ਵੀ ਬੇਹਤਰੀਣ ਸੇਵਾਵਾਂ ਦੇ ਚੁੱਕੀ ਹੈ, ਜਿਨ੍ਹਾਂ ਵੱਲੋ ਅਪਣੇ ਅਦਾਕਾਰੀ ਸੁਫਨਿਆਂ ਨੂੰ ਤਾਬੀਰ ਦੇਣ ਲਈ ਅਪਣੇ ਇਸ ਆਹਲਾ ਰੁਤਬੇ ਨੂੰ ਵੀ ਦਰਕਿਨਾਰ ਕਰ ਦਿੱਤਾ ਗਿਆ ਹੈ।
ਫਿਲਮ ਬਾਰੇ: ਇਸ ਨਵੀਂ ਫ਼ਿਲਮ ਦਾ ਲੇਖਣ ਅਤੇ ਨਿਰਦੇਸ਼ਨ ਸੁੱਖ ਸੰਘੇੜਾ ਵੱਲੋ ਕੀਤਾ ਗਿਆ ਹੈ। 'ਮੋਸ਼ਨ ਫ਼ਿਲਮਜ ਅਤੇ ਡੇਸਟੀਨੋ ਫ਼ਿਲਮਜ ਦੇ ਬੈਨਰ ਹੇਠ ਬਣਾਈ ਗਈ ਅਤੇ ਪ੍ਰਾਈਮ ਰਿਕਾਰਡਜ਼' ਦੀ ਐਸੋਸੀਏਸ਼ਨ ਅਧੀਨ ਪ੍ਰਸਤੁਤ ਕੀਤੀ ਜਾ ਰਹੀ ਇਸ ਰੋਮਾਂਟਿਕ -ਸੰਗੀਤਮਈ ਅਤੇ ਦਿਲਚਸਪ ਡਰਾਮਾ ਫ਼ਿਲਮ ਵਿਚ ਅਰਮਾਨ ਬੇਦਿਲ ਅਤੇ ਪ੍ਰੀਤ ਔਜਲਾ ਲੀਡ ਜੋੜੀ ਵਜੋ ਨਜ਼ਰ ਆਉਣਗੇ। ਇਸ ਤੋਂ ਇਲਾਵਾ, ਸਰਦਾਰ ਸੋਹੀ, ਡੈਨੀ ਹੋਜੇ ਅਤੇ ਉਮੰਗ ਕੁਮਾਰ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫਿਲਮ ਸਿਨੇਮਾ ਘਰਾਂ ਵਿੱਚ 25 ਅਕਤੂਬਰ 2024 ਨੂੰ ਰਿਲੀਜ ਹੋਵੇਗੀ।
ਇਨ੍ਹਾਂ ਗਾਇਕਾਂ ਦੀਆਂ ਵੀਡੀਓਜ਼ 'ਚ ਵੀ ਆਈ ਨਜ਼ਰ:'ਮਿਊਜ਼ਿਕ ਵੀਡੀਓਜ਼ ਤੋਂ ਅਪਣੇ ਅਦਾਕਾਰੀ ਕਰਿਅਰ ਦਾ ਆਗਾਜ਼ ਕਰਨ ਵਾਲੀ ਇਹ ਹੋਣਹਾਰ ਅਦਾਕਾਰਾ ਪ੍ਰੀਤ ਔਜਲਾ ਸਵ. ਸਿੱਧੂ ਮੂਸੇਵਾਲਾ ਤੋਂ ਇਲਾਵਾ ਰਣਜੀਤ ਬਾਵਾ ਅਤੇ ਕਾਕਾ ਦੇ ਸੰਗ਼ੀਤਕ ਵੀਡੀਓਜ਼ ਨੂੰ ਵੀ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾ ਚੁੱਕੀ ਹੈ। ਸਿਨੇਮਾਂ ਖੇਤਰ ਵਿਚ ਕੁਝ ਅਲਹਦਾ ਕਰ ਗੁਜ਼ਰਣ ਦੀ ਖਾਹਿਸ਼ ਰੱਖਦੀ ਇਸ ਪ੍ਰਤਿਭਾਸ਼ਾਲੀ ਅਦਾਕਾਰਾ ਨੇ ਪੰਜਾਬੀ ਸਿਨੇਮਾਂ ਨਾਲ ਅਪਣੇ ਜੁੜਾਵ ਅਤੇ ਇਸ ਨਾਲ ਜੁੜੇ ਹੁਣ ਤੱਕ ਦੇ ਅਨੁਭਵ ਸਬੰਧੀ ਗੱਲਬਾਤ ਕਰਦਿਆ ਕਿਹਾ ਕਿ ਗਲੋਬਲੀ ਪੱਧਰ ਉੱਪਰ ਅੱਜ ਅਪਣੀ ਹੋਂਦ ਦਾ ਇਜ਼ਹਾਰ ਕਰਵਾਉਣ 'ਚ ਸਫਲ ਰਿਹਾ ਹੈ।
ਅਗਲੀ ਫਿਲਮ:ਪੰਜਾਬੀ ਸਿਨੇਮਾਂ , ਜੋ ਲਗਾਤਾਰ ਅਪਣਾ ਅਧਾਰ ਦਾਇਰਾ ਹੋਰ ਵਿਸ਼ਾਲ ਕਰਦਾ ਜਾ ਰਿਹਾ ਹੈ, ਜਿਸ ਨਾਲ ਜੁੜਨਾ ਬਹੁਤ ਹੀ ਸ਼ਾਨਦਾਰ ਤਜ਼ੁਰਬਾ ਰਿਹਾ ਹੈ। ਅਗਾਮੀ ਦਿਨੀ ਰਿਲੀਜ਼ ਹੋਣ ਜਾ ਰਹੀ ਇੱਕ ਹੋਰ ਅਰਥ-ਭਰਪੂਰ ਫ਼ਿਲਮ 'ਆਪਣੇ ਘਰ ਬੇਗਾਣੇ 'ਚ ਵੀ ਬਤੌਰ ਲੀਡ ਐਕਟ੍ਰੈਸ ਨਜ਼ਰ ਆਵੇਗੀ ਇਹ ਦਿਲਕਸ਼ ਅਦਾਕਾਰਾ, ਜੋ ਪਾਲੀਵੁੱਡ ਵਿਚ ਅਲਹਦਾ ਪਛਾਣ ਸਥਾਪਿਤ ਕਰਨ ਦਾ ਪੈਂਡਾ ਤੇਜ਼ੀ ਨਾਲ ਸਰ ਕਰਦੀ ਜਾ ਰਹੀ ਹੈ।