ਚੰਡੀਗੜ੍ਹ:ਪੰਜਾਬੀ ਸਿਨੇਮਾ, ਲਘੂ ਫਿਲਮਾਂ ਅਤੇ ਓਟੀਟੀ ਦੇ ਖੇਤਰ ਵਿੱਚ ਚੌਖੀ ਭੱਲ ਕਾਇਮ ਕਰਨ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਅਮਨਪ੍ਰੀਤ ਕੌਰ, ਜਿਸ ਨੂੰ ਇੰਨੀਂ ਦਿਨੀਂ ਪੰਜਾਬ 'ਚ ਫਿਲਮਾਈ ਜਾ ਰਹੀ ਬਹੁ-ਚਰਚਿਤ ਹਿੰਦੀ ਫਿਲਮ 'ਸੰਨ ਆਫ਼ ਸਰਦਾਰ 2' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿੰਨ੍ਹਾਂ ਵੱਲੋਂ ਇਸ ਫਿਲਮ ਦੀ ਕਾਸਟ ਅਤੇ ਕਰੂ ਨੂੰ ਜੁਆਇੰਨ ਕਰ ਲਿਆ ਗਿਆ ਹੈ।
'ਜਿਓ ਸਟੂਡਿਓਜ਼' ਅਤੇ 'ਦੇਵਗਨ ਫਿਲਮਜ਼' ਵੱਲੋਂ ਸੁਯੰਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਉਕਤ ਬਿੱਗ ਸੈੱਟਅੱਪ ਫਿਲਮ ਦੇ ਨਿਰਮਾਤਾ ਅਜੇ ਦੇਵਗਨ, ਜਯੋਤੀ ਦੇਸ਼ਪਾਂਡੇ, ਐਨਆਰ ਪਚੀਸਿਆ, ਪ੍ਰਵੀਨ ਤਰੇਜਾ ਅਤੇ ਕੁਮਾਰ ਮੰਗਤ ਪਾਠਕ ਹਨ, ਜਦਕਿ ਨਿਰਦੇਸ਼ਨ ਕਮਾਂਡ ਵਿਜੇ ਕੁਮਾਰ ਅਰੋੜਾ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ 'ਕਲੀ ਜੋਟਾ', 'ਗੋਡੇ ਗੋਡੇ ਚਾਅ', 'ਹਰਜੀਤਾ' ਜਿਹੀਆਂ ਕਈ ਸੁਪਰ ਡੁਪਰ ਹਿੱਟ ਅਤੇ ਚਰਚਿਤ ਪੰਜਾਬੀ ਫਿਲਮਾਂ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।
ਸਾਲ 2012 ਵਿੱਚ ਰਿਲੀਜ਼ ਹੋਈ 'ਸੰਨ ਆਫ਼ ਸਰਦਾਰ' ਦੇ ਸੀਕਵਲ ਦੇ ਰੂਪ ਵਿੱਚ ਬਣਾਈ ਜਾ ਰਹੀ ਉਕਤ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਰੋਲ ਅਦਾ ਕਰਨ ਜਾ ਰਹੀ ਹੈ ਅਦਾਕਾਰਾ ਅਮਨਪ੍ਰੀਤ ਕੌਰ, ਜੋ ਸੁਖਵਿੰਦਰ ਰਾਜ, ਅੰਮ੍ਰਿਤ ਅੰਬੀ ਤੋਂ ਬਾਅਦ ਉਕਤ ਫਿਲਮ ਦਾ ਹਿੱਸਾ ਬਣਨ ਵਾਲੀ ਪਾਲੀਵੁੱਡ ਸੰਬੰਧਤ ਤੀਜੀ ਕਲਾਕਾਰਾ ਹੈ, ਜੋ ਮਿਲੇ ਇਸ ਮਾਣਮੱਤੇ ਅਵਸਰ ਨੂੰ ਲੈ ਕੇ ਬੇਹੱਦ ਖੁਸ਼ ਅਤੇ ਉਤਸ਼ਾਹਿਤ ਵੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ 'ਸੰਨ ਆਫ਼ ਸਰਦਾਰ 2' ਦਾ ਹਿੱਸਾ ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ ਵੀ ਹੈ।