ਚੰਡੀਗੜ੍ਹ: ਸਾਲ 2014 ਵਿੱਚ ਸਾਹਮਣੇ ਆਈ ਅਤੇ ਸੁਪਰ ਡੁਪਰ ਹਿੱਟ ਰਹੀ ਪੰਜਾਬੀ ਫੀਚਰ ਫਿਲਮ 'ਗੋਰਿਆਂ ਨੂੰ ਦਫਾ ਕਰੋ' ਦੇ ਲਗਭਗ ਇੱਕ ਦਹਾਕੇ ਬਾਅਦ ਨਿਰਦੇਸ਼ਕ ਪੰਕਜ ਬੱਤਰਾ, ਅਦਾਕਾਰ ਅਮਰਿੰਦਰ ਗਿੱਲ ਅਤੇ ਨਿਰਮਾਤਾ ਕਾਰਜ ਗਿੱਲ ਇੱਕ ਹੋਰ ਅਹਿਮ ਪੰਜਾਬੀ ਫਿਲਮ ਪ੍ਰੋਜੈਕਟ ਲਈ ਇਕੱਠੇ ਹੋਏ ਹਨ, ਜਿੰਨ੍ਹਾਂ ਵੱਲੋਂ ਅਪਣੀ ਸਫਲ ਰਹੀ ਸਾਂਝੇਦਾਰੀ ਅਧੀਨ ਨਵੀਂ ਅਤੇ ਅਨਟਾਈਟਲ ਪੰਜਾਬੀ ਫਿਲਮ ਦਾ ਵੀ ਰਸਮੀ ਐਲਾਨ ਕੀਤਾ ਗਿਆ, ਜਿਸ ਨੂੰ ਉਨ੍ਹਾਂ ਵੱਲੋਂ ਇਸੇ ਸਾਲ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।
'ਰਿਦਮ ਬੁਆਏਜ਼ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਬਿੱਗ ਸੈਟਅੱਪ ਫਿਲਮ ਦੀ ਸ਼ੂਟਿੰਗ ਇੰਨੀਂ ਦਿਨੀਂ ਤੇਜ਼ੀ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਹੈ, ਜਿਸ ਨੂੰ 06 ਸਤੰਬਰ 2024 ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਕੀਤਾ ਜਾਵੇਗਾ।
ਪੰਜਾਬੀ ਸਿਨੇਮਾ ਖੇਤਰ ਵਿੱਚ ਮੁੜ ਬਤੌਰ ਅਦਾਕਾਰ ਸਰਗਰਮ ਹੋਏ ਅਮਰਿੰਦਰ ਗਿੱਲ ਲੰਮੇਂ ਵਕਫ਼ੇ ਬਾਅਦ ਸਿਲਵਰ ਸਕ੍ਰੀਨ ਦਾ ਹਿੱਸਾ ਬਣਨ ਜਾ ਰਹੇ ਹਨ, ਜੋ ਇਸ ਤੋਂ ਪਹਿਲਾਂ ਅਪਣੇ ਹੀ ਹੋਮ ਪ੍ਰੋਡੋਕਸ਼ਨ ਵੱਲੋਂ ਪੇਸ਼ ਕੀਤੀ ਗਈ 'ਛੱਲਾ ਮੁੜ ਕੇ ਨਾ ਆਇਆ' ਵਿੱਚ ਨਜ਼ਰੀ ਪਏ ਸਨ, ਹਾਲਾਂਕਿ ਬਿਹਤਰੀਨ ਸੈੱਟਅੱਪ ਅਤੇ ਕਹਾਣੀਸਾਰ ਅਧੀਨ ਬਣਾਈ ਗਈ ਹੋਣ ਦੇ ਬਾਵਜੂਦ ਉਨ੍ਹਾਂ ਦੀ ਇਹ ਸ਼ਾਨਦਾਰ ਫਿਲਮ ਟਿਕਟ ਖਿੜਕੀ ਉਤੇ ਆਸ ਅਨੁਸਾਰ ਸਫਲਤਾ ਹਾਸਿਲ ਨਹੀਂ ਕਰ ਸਕੀ, ਜਿਸ ਮੱਦੇਨਜ਼ਰ ਇਸ ਪਰਫੈਕਨਿਸ਼ਟ ਅਤੇ ਚੁਣਿੰਦਾ ਫਿਲਮਾਂ ਕਰਨਾ ਪਸੰਦ ਕਰਨ ਵਾਲੇ ਉਮਦਾ ਅਦਾਕਾਰ ਨੇ ਪਾਲੀਵੁੱਡ ਦ੍ਰਿਸ਼ਾਂਵਲੀ ਤੋਂ ਕੁਝ ਸਮੇਂ ਲਈ ਅਪਣੇ ਆਪ ਨੂੰ ਲਾਂਭੇ ਕਰਨਾ ਹੀ ਜਿਆਦਾ ਮੁਨਾਸਿਬ ਸਮਝਿਆ ਸੀ ਅਤੇ ਇਹੀ ਕਾਰਨ ਹੈ ਕਿ ਦਰਸ਼ਕਾਂ ਵਿੱਚ ਉਨ੍ਹਾਂ ਦੀਆਂ ਲੰਮੇਂ ਸਮੇਂ ਬਾਅਦ ਸਾਹਮਣੇ ਆਉਣ ਵਾਲੀਆਂ ਨਵੀਆਂ ਫਿਲਮਾਂ ਨੂੰ ਲੈ ਕੇ ਉਤਸੁਕਤਾ ਲਗਾਤਾਰ ਵੱਧਦੀ ਜਾ ਰਹੀ ਹੈ।
ਓਧਰ ਜੇਕਰ ਉਕਤ ਨਵੀਂ ਪੰਜਾਬੀ ਫਿਲਮ ਨਾਲ ਜੁੜੇ ਕੁਝ ਅਹਿਮ ਤੱਥਾਂ ਦੀ ਗੱਲ ਕੀਤੀ ਜਾਵੇ ਤਾਂ ਨਿਰਦੇਸ਼ਕ ਪੰਕਜ ਬੱਤਰਾ, ਅਮਰਿੰਦਰ ਗਿੱਲ, ਨਿਰਮਾਤਾ ਕਾਰਜ ਗਿੱਲ ਅਤੇ ਉਨ੍ਹਾਂ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ 'ਰਿਦਮ ਬੁਆਏਜ' ਲਈ ਕਾਫ਼ੀ ਮਾਅਨੇ ਰੱਖਦੇ ਹਨ, ਜਿੰਨ੍ਹਾਂ ਵੱਲੋਂ ਸਾਲਾਂ ਪਹਿਲਾਂ ਨਿਰਦੇਸ਼ਿਤ ਕੀਤੀ ਗਈ 'ਗੋਰਿਆਂ ਨੂੰ ਦਫਾ ਕਰੋ' ਨੇ ਅਮਰਿੰਦਰ ਗਿੱਲ ਦੇ ਸ਼ੁਰੂਆਤੀ ਕਰੀਅਰ ਨੂੰ ਜਿੱਥੇ ਸਫਲ ਉਭਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ, ਉਥੇ ਉਨ੍ਹਾਂ ਦੇ ਹੋਮ ਪ੍ਰੋਡੋਕਸ਼ਨ 'ਰਿਦਮ ਬੁਆਏਜ਼' ਦਾ ਮੁੱਢ ਵੀ ਇਸੇ ਨੇ ਬੰਨ੍ਹਿਆ, ਜੋ ਅੱਜ ਪਾਲੀਵੁੱਡ ਦੇ ਸਭ ਤੋਂ ਵੱਡੇ ਫਿਲਮ ਨਿਰਮਾਣ ਹਾਊਸ ਵਜੋਂ ਅਪਣੀ ਮੌਜੂਦਗੀ ਦਰਜ ਕਰਵਾ ਰਿਹਾ ਹੈ।