ਚੰਡੀਗੜ੍ਹ: ਇਸ ਸਾਲ 16 ਫਰਵਰੀ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਓਏ ਭੋਲੇ ਓਏ' ਨੂੰ ਲੋਕਾਂ ਨੇ ਕਾਫੀ ਚੰਗਾ ਰਿਸਪਾਂਸ ਦਿੱਤਾ। ਜਗਜੀਤ ਸੰਧੂ ਅਤੇ ਇਰਵਿਨ ਮੀਤ ਕੌਰ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਨੂੰ ਜਿਹੜੇ ਪ੍ਰਸ਼ੰਸਕ ਥਿਏਟਰਾਂ ਵਿੱਚ ਨਹੀਂ ਦੇਖ ਸਕੇ ਹੁਣ ਉਨ੍ਹਾਂ ਸਰੋਤਿਆਂ ਲਈ ਖੁਸ਼ਖਬਰੀ ਦੀ ਗੱਲ ਹੈ, ਕਿਉਂਕਿ ਜਲਦ ਹੀ ਇਹ ਫਿਲਮ OTT ਪਲੇਟਫਾਰਮ ਚੌਪਾਲ ਉਤੇ ਰਿਲੀਜ਼ ਹੋਣ ਜਾ ਰਹੀ ਹੈ।
ਇਸ ਸੰਬੰਧੀ ਜਾਣਕਾਰੀ ਖੁਦ ਫਿਲਮ ਦੇ ਅਦਾਕਾਰ-ਨਿਰਮਾਤਾ ਜਗਜੀਤ ਸੰਧੂ ਨੇ ਸਾਂਝੀ ਕੀਤੀ ਹੈ, ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਉਤੇ ਫਿਲਮ ਦਾ ਇੱਕ ਪੋਸਟਰ ਸਾਂਝਾ ਕੀਤਾ ਅਤੇ ਦੱਸਿਆ ਕਿ ਇਹ ਫਿਲਮ ਚੌਪਾਲ ਉਤੇ 9 ਮਈ 2024 ਨੂੰ ਸਟ੍ਰੀਮ ਕੀਤੀ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ 'ਓਏ ਭੋਲੇ ਓਏ' ਵਿੱਚ ਅਦਾਕਾਰ ਜਗਜੀਤ ਸੰਧੂ ਇੱਕ ਮੱਧਵਰਗੀ ਪਿੰਡ ਦੇ ਲੜਕੇ ਦੀ ਭੂਮਿਕਾ ਨਿਭਾਉਂਦੇ ਨਜ਼ਰੀ ਪਏ ਹਨ। ਇਸ ਫਿਲਮ ਨੂੰ ਵਿਸ਼ਵੀਕਰਨ ਕਾਰਨ ਪੰਜਾਬ ਵਿੱਚ ਚੱਲ ਰਹੇ ਮੁੱਦਿਆਂ 'ਤੇ ਵਿਅੰਗਮਈ ਫਿਲਮ ਕਿਹਾ ਜਾ ਸਕਦਾ ਹੈ। ਫਿਲਮ ਨੇ ਕਾਫੀ ਸਾਰੇ ਮੁੱਦਿਆਂ ਨੂੰ ਹੱਥ ਪਾਇਆ ਹੈ।
'ਓਏ ਭੋਲੇ ਓਏ' ਵਿੱਚ ਮੁੱਖ ਕਲਾਕਾਰਾਂ ਤੋਂ ਇਲਾਵਾ ਧੀਰਜ ਕੁਮਾਰ, ਸੌਮਿਆ, ਪਰਦੀਪ ਚੀਮਾ, ਪ੍ਰਕਾਸ਼ ਗਾਧੂ, ਜੱਸ ਦਿਓਲ, ਰੁਪਿੰਦਰ ਰੂਪੀ, ਜਰਨੈਲ ਸਿੰਘ, ਬਲਵਿੰਦਰ ਬੁਲੇਟ, ਦਿਲਾਵਰ ਸਿੱਧੂ, ਕੁਮਾਰ ਅਜੈ, ਜਤਿੰਦਰ ਰਾਮਗੜ੍ਹੀਆ, ਬੇਅੰਤ ਸਿੰਘ ਬੁੱਟਰ ਅਤੇ ਗੁਰਨਵਦੀਪ ਸਿੰਘ ਨੇ ਵੀ ਅਹਿਮ ਅਤੇ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ ਹਨ।
'ਓਏ ਭੋਲੇ ਓਏ' ਦੀ ਸਟੋਰੀ ਲੇਖਨ ਅਤੇ ਸਕ੍ਰੀਨਪਲੇ ਡਾਇਲਾਗ ਗੁਰਪ੍ਰੀਤ ਭੁੱਲਰ ਦੁਆਰਾ ਰਚੇ ਗਏ ਹਨ। ਫਿਲਮ ਦਾ ਨਿਰਦੇਸ਼ਨ ਵਰਿੰਦਰ ਰਾਮਗੜ੍ਹੀਆ ਨੇ ਕੀਤਾ ਹੈ। ਫਿਲਮ ਨੂੰ 'ਗੀਤ ਐਮਪੀ' ਅਤੇ 'ਜਗਜੀਤ ਸੰਧੂ ਫਿਲਮਜ਼' ਦੇ ਬੈਨਰ ਹੇਠ ਕੇਵੀ ਢਿੱਲੋਂ ਅਤੇ ਜਗਜੀਤ ਸੰਧੂ ਦੁਆਰਾ ਨਿਰਮਿਤ ਕੀਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਫਿਲਮ ਨਾਲ ਅਦਾਕਾਰ ਨੇ ਨਿਰਮਾਤਾ ਦੀ ਟੋਪੀ ਪਾਈ ਹੈ। ਇਸ ਤੋਂ ਇਲਾਵਾ ਜੇਕਰ ਫਿਲਮ ਦੇ ਬਾਕਸ ਆਫਿਸ ਦੀ ਗੱਲ ਕਰੀਏ ਤਾਂ ਸੈਕਨਿਲਕ ਦੀ ਰਿਪਰੋਟ ਅਨੁਸਾਰ ਇਸ ਫਿਲਮ ਨੇ 15 ਦਿਨਾਂ ਵਿੱਚ ਲਗਭਗ 2 ਕਰੋੜ 50 ਲੱਖ ਦੀ ਕਮਾਈ ਕੀਤੀ ਹੈ।