ਚੰਡੀਗੜ੍ਹ: ਪੰਜਾਬੀ ਸਿਨੇਮਾ ਦਾ ਕੁਝ ਸੁਸਤ ਚਾਲੇ ਪਿਆ ਮਾਹੌਲ ਅਤੇ ਸੁੰਨਾ ਨਜ਼ਰੀ ਆ ਰਿਹਾ ਵਿਹੜਾ ਹੁਣ ਮੁੜ ਫਿਲਮੀ ਰੌਣਕਾਂ, ਰੌਸ਼ਨੀਆਂ ਨਾਲ ਗਰਮਾਉਂਦਾ ਅਤੇ ਰੋਸ਼ਨਾਉਂਦਾ ਜਾ ਰਿਹਾ ਹੈ, ਜਿਸ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ ਨਵੀਂ ਐਲਾਨੀ ਪੰਜਾਬੀ ਫਿਲਮ 'ਜੁਆਇੰਟ ਫੈਮਲੀ', ਜੋ ਪਾਲੀਵੁੱਡ ਦੇ ਉਭਰਦੇ ਅਤੇ ਪ੍ਰਤਿਭਾਵਾਨ ਫਿਲਮਕਾਰਾਂ ਵਿੱਚ ਸ਼ੁਮਾਰ ਕਰਵਾਉਂਦੇ ਸਤਿੰਦਰ ਸਿੰਘ ਦੇਵ ਦੁਆਰਾ ਨਿਰਦੇਸ਼ਿਤ ਕੀਤੀ ਜਾਵੇਗੀ।
'ਰੰਜੀਵ ਸਿੰਗਲਾ ਪ੍ਰੋਡਕਸ਼ਨ' ਵੱਲੋਂ ਨਿਰਮਤ ਕੀਤੀ ਜਾ ਰਹੀ ਇਸ ਕਾਮੇਡੀ-ਡਰਾਮਾ ਫਿਲਮ ਵਿੱਚ ਛੋਟੇ ਪਰਦੇ ਦੇ ਮਸ਼ਹੂਰ ਕਾਮੇਡੀਅਨ ਰਾਜੀਵ ਠਾਕੁਰ ਲੀਡ ਭੂਮਿਕਾ ਅਦਾ ਕਰਨ ਜਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਹਿੰਦੀ ਅਤੇ ਪੰਜਾਬੀ ਸਿਨੇਮਾ ਦੇ ਨਾਲ ਜੁੜੇ ਕਈ ਚਰਚਿਤ ਅਤੇ ਮੰਨੇ ਪ੍ਰਮੰਨੇ ਚਿਹਰੇ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਹਾਲ ਹੀ ਵਿੱਚ ਸਾਹਮਣੇ ਆਈ ਦਿਲਚਸਪ ਪੰਜਾਬੀ ਫਿਲਮ 'ਬਿਨ੍ਹਾਂ ਬੈਂਡ ਚੱਲ ਇੰਗਲੈਂਡ' ਦਾ ਨਿਰਦੇਸ਼ਨ ਕਰ ਚੁੱਕੇ ਸਤਿੰਦਰ ਸਿੰਘ ਦੇਵ ਹਾਲੀਆ ਕਰੀਅਰ ਕਈ ਚਰਚਿਤ ਪੰਜਾਬੀ ਫਿਲਮਾਂ ਵੀ ਨਿਰਦੇਸ਼ਿਤ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਦੇਸੀ ਮੁੰਡੇ', 'ਮਾਹੀ ਮੇਰਾ ਨਿੱਕਾ ਜਿਹਾ', 'ਪਾਣੀ ਦਰਿਆਵਾਂ ਦੇ' ਆਦਿ ਸ਼ਾਮਿਲ ਰਹੀਆਂ ਹਨ।
ਪੰਜਾਬੀ ਸਿਨੇਮਾ ਦੇ ਉੱਚ ਕੋਟੀ ਨਿਰਦੇਸ਼ਕਾਂ ਵਿੱਚ ਸ਼ੁਮਾਰ ਕਰਵਾਉਂਦੇ ਸਮੀਪ ਕੰਗ ਦੇ ਐਸੋਸੀਏਟ ਨਿਰਦੇਸ਼ਕ ਵਜੋਂ ਕਈ ਵੱਡੀਆਂ ਫਿਲਮਾਂ ਕਰ ਚੁੱਕੇ ਇਹ ਹੋਣਹਾਰ ਨਿਰਦੇਸ਼ਕ ਵੱਲੋਂ ਕੀਤੀ ਜਾ ਰਹੀ ਇਹ ਤੀਜੀ ਵੱਡੀ ਫਿਲਮ ਹੋਵੇਗੀ, ਜਿੰਨ੍ਹਾਂ ਅਨੁਸਾਰ ਉਨ੍ਹਾਂ ਦੀ ਇਹ ਫਿਲਮ ਚਾਹੇ ਕਮਰਸ਼ਿਅਲ ਸਿਨੇਮਾ ਸਾਂਚੇ ਅਤੇ ਸੈੱਟਅੱਪ ਅਧੀਨ ਬਣਾਈ ਜਾ ਰਹੀ ਹੈ, ਪਰ ਇਸ ਨੂੰ ਸਿਰਜਣਾਤਮਕਤਾ ਪੱਖੋਂ ਕਾਫ਼ੀ ਅਲਹਦਾ ਰੂਪ ਉਨ੍ਹਾਂ ਵੱਲੋਂ ਦਿੱਤਾ ਜਾਵੇਗਾ, ਜੋ ਪਾਲੀਵੁੱਡ ਨੂੰ ਹੋਰ ਨਵੀਆਂ ਸੰਭਾਵਨਾਵਾਂ ਨਾਲ ਅੋਤ ਪੋਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ।
ਓਧਰ ਜੇਕਰ ਉਕਤ ਪੰਜਾਬੀ ਫਿਲਮ ਦੇ ਨਿਰਮਾਣ ਹਾਊਸ ਰੰਜੀਵ ਸਿੰਗਲਾ ਪ੍ਰੋਡੋਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਇਨ-ਹਾਊਸ ਵੱਲੋਂ ਸਮੇਂ ਸਮੇਂ ਬਣਾਈਆਂ ਫਿਲਮਾਂ ਵੀ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੀਆਂ ਰਹੀਆਂ ਹਨ, ਜਿੰਨ੍ਹਾਂ ਵਿੱਚ 'ਮਾਹੀ ਮੇਰਾ ਨਿੱਕਾ ਜਿਹਾ' ਅਤੇ 'ਜੀ ਵਾਈਫ ਜੀ' ਆਦਿ ਸ਼ੁਮਾਰ ਰਹੀਆਂ ਹਨ।
ਨੈੱਟਫਲਿਕਸ ਉਤੇ ਵਿਖਾਏ ਜਾ ਰਹੇ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਇੰਨੀਂ-ਦਿਨੀਂ ਕਾਫੀ ਸੁਰਖੀਆਂ 'ਚ ਹਨ ਅਦਾਕਾਰ ਰਾਜੀਵ ਠਾਕੁਰ, ਜੋ ਲੰਮੇਂ ਹੋਣ ਵਕਫ਼ੇ ਬਾਅਦ ਪਾਲੀਵੁੱਡ ਫਿਲਮ ਦਾ ਹਿੱਸਾ ਬਣਨ ਜਾ ਰਹੇ ਹਨ, ਜੋ ਇਸ ਤੋਂ ਪਹਿਲਾਂ ਜਿਸ ਪੰਜਾਬੀ ਫਿਲਮ ਵਿੱਚ ਨਜ਼ਰ ਆਏ ਸਨ, ਉਹ ਸੀ 'ਕੰਜੂਸ ਮਜਨੂੰ ਖਰਚੀਲੀ ਲੈਲਾ', ਜਿਸ ਦਾ ਨਿਰਦੇਸ਼ਨ ਅਵਤਾਰ ਸਿੰਘ ਵੱਲੋਂ ਕੀਤਾ ਗਿਆ ਸੀ।