ਚੰਡੀਗੜ੍ਹ:'ਜੱਟ ਐਂਡ ਜੂਲੀਅਟ 3' ਦੀ ਸੁਪਰ ਡੁਪਰ ਸਫਲਤਾ ਨਾਲ ਉਤਸ਼ਾਹਿਤ ਹੋਈ ਅਦਾਕਾਰਾ ਨੀਰੂ ਬਾਜਵਾ ਵੱਲੋਂ ਅਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਅਪਣੀ ਨਵੀਂ ਪੰਜਾਬੀ ਫਿਲਮ 'ਵਾਹ ਨੀ ਪੰਜਾਬਣੇ' ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਨੂੰ ਉਦੈ ਪ੍ਰਤਾਪ ਸਿੰਘ ਨਿਰਦੇਸ਼ਿਤ ਕਰਨਗੇ, ਜੋ ਇਸ ਤੋਂ ਪਹਿਲਾਂ ਵੀ ਇਸੇ ਫਿਲਮ ਨਿਰਮਾਣ ਹਾਊਸ ਦੀਆਂ ਕਈ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
'ਓਮ ਜੀ ਸਿਨੇ ਵਰਲਡ' ਅਤੇ 'ਨੀਰੂ ਬਾਜਵਾ ਇੰਟਰਟੇਨਮੈਂਟ' ਵੱਲੋਂ ਸੁਯੰਕਤ ਰੂਪ ਵਿੱਚ ਨਿਰਮਿਤ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਜਗਦੀਪ ਸਿੰਘ ਵੜਿੰਗ ਕਰ ਰਹੇ ਹਨ, ਜੋ ਹਾਲ ਹੀ ਵਿੱਚ ਸਾਹਮਣੇ ਆਈਆਂ ਕਈ ਚਰਚਿਤ ਪੰਜਾਬੀ ਫਿਲਮਾਂ ਦਾ ਲੇਖਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਗੁੱਡੀਆਂ ਪਟੋਲੇ', 'ਮੈਂ ਤੇ ਬਾਪੂ', 'ਮਾਂ ਦਾ ਲਾਡਲਾ', 'ਇਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ', 'ਬੂਹੇ ਬਾਰੀਆ' ਆਦਿ ਸ਼ੁਮਾਰ ਰਹੀਆਂ ਹਨ।
ਪਰਿਵਾਰਿਕ ਅਤੇ ਡ੍ਰਾਮੈਟਿਕ ਤਾਣੇ ਬਾਣੇ ਅਧੀਨ ਬੁਣੀ ਜਾ ਰਹੀ ਇਸ ਪੰਜਾਬੀ ਫਿਲਮ ਦੇ ਨਿਰਮਾਤਾ ਅੰਸੂ ਮਨੀਸ਼ ਸਾਹਨੀ, ਸਹਿ ਨਿਰਮਾਤਾ ਸੰਤੋਸ਼ ਸ਼ੁਭਾਸ਼ ਥਿਟੇ ਹਨ। ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਇਸ ਫਿਲਮ ਨੂੰ 25 ਜੁਲਾਈ 2025 ਨੂੰ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾਵੇਗਾ।
ਸਾਲ 2004 ਵਿੱਚ ਰਿਲੀਜ਼ ਹੋਈ ਅਤੇ ਹਰਭਜਨ ਮਾਨ ਸਟਾਰਰ 'ਅਸਾਂ ਨੂੰ ਮਾਣ ਵਤਨਾਂ ਦਾ' ਨਾਲ ਪੰਜਾਬੀ ਸਿਨੇਮਾ ਵਿੱਚ ਸ਼ਾਨਦਾਰ ਡੈਬਿਊ ਕਰਨ ਵਾਲੀ ਅਦਾਕਾਰਾ ਨੀਰੂ ਬਾਜਵਾ ਦੋ ਦਹਾਕਿਆਂ ਦਾ ਸ਼ਾਨਦਾਰ ਸਫ਼ਰ ਤੈਅ ਕਰ ਚੁੱਕੀ ਹੈ, ਜਿਸ ਵੱਲੋਂ ਆਪਣੇ ਹੋਮ ਪ੍ਰੋਡੋਕਸ਼ਨ ਨੀਰੂ ਬਾਜਵਾ ਇੰਟਰਟੇਨਮੈਂਟ ਨੂੰ ਵੀ ਬਰਾਬਰਤਾ ਨਾਲ ਅੱਗੇ ਵਧਾਇਆ ਜਾ ਰਿਹਾ ਹੈ, ਜਿਸ ਅਧੀਨ 'ਚੰਨੋ ਕਮਲੀ ਯਾਰ ਦੀ', 'ਸਰਘੀ', 'ਬਿਊਟੀਫੁੱਲ ਬਿੱਲੋ', 'ਮੁੰਡਾ ਹੀ ਚਾਹੀਦਾ', 'ਬੂਹੇ ਬਾਰੀਆਂ', 'ਇਸ ਜਹਾਨੋ ਦੂਰ ਕੀਤੇ ਚੱਲ ਜਿੰਦੀਏ', 'ਕੋਕਾ', 'ਕਲੀ ਜੋਟਾ', 'ਸ਼ਾਇਰ' ਆਦਿ ਜਿਹੀਆਂ ਕਈ ਮੰਨੋਰੰਜਕ ਅਤੇ ਬਹੁ-ਚਰਚਿਤ ਪੰਜਾਬੀ ਫਿਲਮਾਂ ਬਣਾਈਆਂ ਜਾ ਚੁੱਕੀਆਂ ਹਨ ਅਤੇ ਇਸੇ ਕੜੀ ਦੀ ਇਹ ਉਨ੍ਹਾਂ ਦੀ ਦਸਵੀਂ ਪੰਜਾਬੀ ਫਿਲਮ ਹੋਵੇਗੀ।
ਓਧਰ ਉਕਤ ਨਵੀਂ ਪੰਜਾਬੀ ਫਿਲਮ ਦੇ ਨਿਰਦੇਸ਼ਕ ਉਦੈ ਪ੍ਰਤਾਪ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਇਹ ਬਾਕਮਾਲ ਫਿਲਮਕਾਰ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਪਾਲੀਵੁੱਡ 'ਚ ਆਪਣੀ ਨਿਵੇਕਲੀ ਧਾਂਕ ਕਾਇਮ ਕਰਨ ਸਫਲ ਰਿਹਾ ਹੈ, ਜਿਸ ਵੱਲੋਂ ਹਾਲੀਆਂ ਕਰੀਅਰ ਦੌਰਾਨ ਨਿਰਦੇਸ਼ਿਤ ਕੀਤੀਆਂ ਗਈਆਂ ਫਿਲਮਾਂ ਵਿੱਚ 'ਸ਼ਾਯਰ', 'ਬੂਹੇ ਬਾਰੀਆਂ', 'ਦਿਲ ਦੀਆਂ ਗੱਲਾਂ', 'ਕਿੱਸਾ ਪੰਜਾਬ' ਆਦਿ ਸ਼ਾਮਿਲ ਹਨ।