ਚੰਡੀਗੜ੍ਹ:27 ਜੂਨ ਨੂੰ ਪ੍ਰਭਾਸ ਦੀ ਫਿਲਮ 'ਕਲਕੀ 2898 AD' ਨਾਲ ਸਿਨੇਮਾਘਰਾਂ ਵਿੱਚ ਦਸਤਕ ਦੇਣ ਵਾਲੀ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਪ੍ਰਸ਼ੰਸਕਾਂ ਅਤੇ ਆਲੋਚਕਾਂ ਨੂੰ ਕਾਫੀ ਪਸੰਦ ਆ ਰਹੀ ਹੈ, ਫਿਲਮ ਨੇ ਚਾਰ ਦਿਨਾਂ ਵਿੱਚ ਮੋਟੀ ਕਮਾਈ ਕਰ ਲਈ ਹੈ। ਇਸ ਫਿਲਮ ਵਿੱਚ ਦਿਲਜੀਤ ਦੁਸਾਂਝ, ਨੀਰੂ ਬਾਜਵਾ ਅਤੇ ਜੈਸਮੀਨ ਬਾਜਵਾ ਮੁੱਖ ਭੂਮਿਕਾ ਵਿੱਚ ਹਨ।
ਬਾਕਸ ਆਫਿਸ ਕਲੈਕਸ਼ਨ: 'ਕਿਸਮਤ' ਫੇਮ ਜਗਦੀਪ ਸਿੱਧੂ ਦੁਆਰਾ ਨਿਰਦੇਸ਼ਿਤ ਅਤੇ ਲਿਖੀ ਇਸ ਫਿਲਮ ਨੇ ਪਹਿਲੇ ਦਿਨ ਭਾਰਤ ਵਿੱਚ 4.13 ਕਰੋੜ ਅਤੇ ਵਿਦੇਸ਼ਾਂ ਵਿੱਚੋਂ 6.63 ਕਰੋੜ ਦਾ ਕਲੈਕਸ਼ਨ ਕੀਤਾ ਸੀ, ਫਿਰ ਦੂਜੇ ਦਿਨ ਫਿਲਮ ਨੇ 4.72 ਕਰੋੜ (ਭਾਰਤ) ਅਤੇ ਵਿਦੇਸ਼ਾਂ ਵਿੱਚੋਂ 6.93 ਕਰੋੜ ਦਾ ਕਲੈਕਸ਼ਨ ਕੀਤਾ। ਇਸੇ ਤਰ੍ਹਾਂ ਤੀਜੇ ਦਿਨ ਵੀ ਫਿਲਮ ਨੇ ਸ਼ਾਨਦਾਰ ਕਲੈਕਸ਼ਨ ਕੀਤਾ, ਜਿਸ ਨਾਲ ਫਿਲਮ ਦਾ ਤਿੰਨ ਦਿਨਾਂ ਦਾ ਕਲੈਕਸ਼ਨ 34.91 ਕਰੋੜ ਹੋ ਗਿਆ।
ਇਸ ਤੋਂ ਇਲਾਵਾ ਹੁਣ ਫਿਲਮ ਦੇ ਚੌਥੇ ਦਿਨ ਯਾਨੀ ਕਿ ਐਤਵਾਰ ਦੇ ਅੰਕੜੇ ਵੀ ਸਾਹਮਣੇ ਆ ਗਏ ਹਨ, ਇੰਨ੍ਹਾਂ ਅੰਕੜਿਆਂ ਨੂੰ ਨਿਰਦੇਸ਼ਕ ਜਗਦੀਪ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਪੇਜ ਉਤੇ ਸਾਂਝਾ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਫਿਲਮ ਹੁਣ ਤੱਕ 49.06 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ। ਇਨ੍ਹਾਂ ਅੰਕੜਿਆਂ ਨਾਲ ਫਿਲਮ ਨੇ ਇਤਿਹਾਸ ਰਚ ਦਿੱਤਾ ਹੈ, ਕਿਉਂਕਿ ਇਹ ਪੰਜਾਬੀ ਦੀ ਪਹਿਲੀ ਅਜਿਹੀ ਫਿਲਮ ਹੈ, ਜੋ ਸਿਰਫ਼ ਚਾਰ ਦਿਨਾਂ ਵਿੱਚ 50 ਕਰੋੜ ਦਾ ਅੰਕੜਾ ਪਾਰ ਕਰਨ ਜਾ ਰਹੀ ਹੈ।
ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਜਗਦੀਪ ਸਿੱਧੂ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਅਤੇ ਲਿਖਿਆ, 'ਸ਼ੁਕਰ, ਇੰਨੀ ਵੱਡੀ ਫਿਲਮ ਦਾ ਹਿੱਸਾ ਬਣਨਾ ਮੇਰੇ ਲਈ ਇੱਕ ਚਮਤਕਾਰ ਤੋਂ ਘੱਟ ਨਹੀਂ ਸੀ ਅਤੇ ਜੋ ਪਿਆਰ ਤੁਸੀਂ ਇਸ ਫਿਲਮ ਨੂੰ ਦਿੱਤਾ ਇਹ ਵੀ ਚਮਤਕਾਰ ਤੋਂ ਘੱਟ ਨਹੀਂ ਸੀ, ਬਹੁਤ ਬਹੁਤ ਧੰਨਵਾਦ...ਸਾਰੀ ਟੀਮ ਨੂੰ ਵਧਾਈਆਂ।'
ਉਲੇਖਯੋਗ ਹੈ ਕਿ ਇਸ ਫਿਲਮ ਦੀ ਕਹਾਣੀ ਅਤੇ ਸਟਾਰ ਕਾਸਟ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ, ਫਿਲਮ ਨੂੰ ਵਿਦੇਸ਼ਾਂ ਵਿੱਚ ਕਾਫੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਸਰੋਤੇ-ਪ੍ਰਸ਼ੰਸਕ ਦਿਲਜੀਤ ਅਤੇ ਨੀਰੂ ਦੀ ਐਕਟਿੰਗ ਅਤੇ ਕੈਮਿਸਟਰੀ ਦੀ ਕਾਫੀ ਤਾਰੀਫ਼ ਕਰ ਰਹੇ ਹਨ।