ਚੰਡੀਗੜ੍ਹ: 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਹਾਲ ਹੀ ਦੇ ਐਪੀਸੋਡ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਉਸਦੀ ਪਤਨੀ ਨਵਜੋਤ ਕੌਰ ਸਿੱਧੂ, ਕ੍ਰਿਕਟਰ ਹਰਭਜਨ ਸਿੰਘ ਅਤੇ ਅਦਾਕਾਰਾ ਗੀਤਾ ਬਸਰਾ ਨਜ਼ਰ ਆਏ। ਇਹ ਐਪੀਸੋਡ ਕਾਫੀ ਹਾਸੇ-ਮਜ਼ਾਕ ਵਾਲੀ ਗੱਲਬਾਤ ਨਾਲ ਭਰਿਆ ਹੋਇਆ ਸੀ, ਪਰ ਇਸ ਦਾ ਇੱਕ ਹਿੱਸਾ ਅਜਿਹਾ ਵੀ ਸੀ, ਜਿਸ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਜੀਵਨ ਦੇ ਨਿੱਜੀ ਅਨੁਭਵ ਕਾਰਨ ਕਾਫੀ ਭਾਵੁਕ ਹੁੰਦੇ ਦੇਖਿਆ ਗਿਆ।
ਇਸ ਦੌਰਾਨ ਨਵਜੋਤ ਸਿੱਧੂ ਨੇ ਦੱਸਿਆ ਕਿ ਜਦੋਂ ਉਸਦੀ ਪਤਨੀ ਨੂੰ ਕੈਂਸਰ ਹੋਣ ਦਾ ਪਤਾ ਲੱਗਿਆ ਸੀ ਉਦੋਂ ਉਹ ਜੇਲ੍ਹ ਵਿੱਚ ਸੀ। ਸਿੱਧੂ ਨੇ ਖੁਲਾਸਾ ਕੀਤਾ ਕਿ ਉਸ ਦੀ ਪਤਨੀ ਨੇ ਉਸ ਤੋਂ ਆਪਣੀ ਤਖਲੀਫ਼ ਲੁਕਾਈ ਸੀ, ਕਿਉਂਕਿ ਉਹ ਸਲਾਖਾਂ ਪਿੱਛੇ ਸੀ। ਤੁਹਾਨੂੰ ਦੱਸ ਦੇਈਏ ਕਿ ਸਾਲ 2022 ਵਿੱਚ ਸਿੱਧੂ ਨੇ 1988 ਦੇ ਰੋਡ ਰੇਜ ਮੌਤ ਦੇ ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਕੱਟੀ ਸੀ।
ਇੰਝ ਕੈਂਸਰ ਨਾਲ ਲੜੇ ਸਨ ਨਵਜੋਤ ਸਿੰਘ ਸਿੱਧੂ ਅਤੇ ਉਸਦੀ ਪਤਨੀ
ਆਪਣੇ ਇਸ ਮੁਸ਼ਕਿਲ ਸਮੇਂ ਬਾਰੇ ਗੱਲ ਹੋਏ ਨਵਜੋਤ ਸਿੰਘ ਸਿੱਧੂ ਨੇ ਦੱਸਿਆ, "ਮੈਂ ਉਸ ਤੋਂ ਬਿਨ੍ਹਾਂ ਨਹੀਂ ਰਹਿ ਸਕਦਾ। ਮੈਂ ਸੋਚਦਾ ਸੀ ਕਿ ਜੇਕਰ ਉਸ ਨੂੰ ਕੁਝ ਹੋ ਗਿਆ ਤਾਂ ਮੈਂ ਕਿਵੇਂ ਜੀਵਾਂਗਾ। ਇਹ ਇੱਕ ਮੁਸ਼ਕਲ ਪੜਾਅ ਸੀ, ਪਰ ਉਹ ਮਜ਼ਬੂਤ...ਬਹੁਤ ਮਜ਼ਬੂਤ ਸੀ। ਸਾਰਾ ਪਰਿਵਾਰ ਉਸ ਦੇ ਨਾਲ ਖੜ੍ਹਾ ਸੀ। ਮੈਂ ਦੇਵੀ ਮਾਤਾ ਤੋਂ ਇੱਕ ਹੀ ਮੰਗ ਮੰਗੀ ਸੀ ਕਿ ਤੂੰ ਮੇਰੀ ਜਾਨ ਲੈ ਲਾ ਪਰ ਉਸ ਨੂੰ ਬਖਸ਼ ਦੇ। ਸਾਡੇ ਬੱਚੇ ਅਤੇ ਮੈਂ ਉਸ ਤੋਂ ਬਿਨ੍ਹਾਂ ਨਹੀਂ ਰਹਿ ਸਕਦੇ। ਮੈਂ ਅੰਦਰੋਂ ਚਕਨਾਚੂਰ ਹੋ ਗਿਆ ਸੀ। ਪਰ ਇਹ ਬਹੁਤ ਬਹਾਦਰ ਹੈ।"