ਹੈਦਰਾਬਾਦ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪੂਨਮ ਢਿੱਲੋਂ ਦੇ ਮੁੰਬਈ ਸਥਿਤ ਘਰ 'ਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਅਦਾਕਾਰਾ ਦੇ ਘਰ ਦੀ ਅਲਮਾਰੀ ਵਿੱਚੋਂ ਹੀਰਿਆਂ ਦਾ ਹਾਰ, ਨਕਦੀ ਅਤੇ ਅਮਰੀਕੀ ਡਾਲਰ ਚੋਰੀ ਕਰ ਕੇ ਲੈ ਗਿਆ। ਮੁੰਬਈ ਪੁਲਿਸ ਨੇ ਇਸ ਮਾਮਲੇ 'ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਮਾਮਲੇ ਬਾਰੇ ਖਾਰ ਥਾਣਾ ਪੁਲਿਸ ਨੇ ਮੀਡੀਆ ਨੂੰ ਦੱਸਿਆ 'ਮੁੰਬਈ ਪੁਲਿਸ ਨੇ 37 ਸਾਲਾਂ ਪੇਂਟਰ ਸਮੀਰ ਅੰਸਾਰੀ ਨੂੰ ਖਾਰ 'ਚ ਅਦਾਕਾਰਾ ਪੂਨਮ ਢਿੱਲੋਂ ਦੇ ਘਰੋਂ ਹੀਰਿਆਂ ਦਾ ਹਾਰ, 35,000 ਰੁਪਏ ਨਕਦ ਅਤੇ ਅਮਰੀਕੀ ਡਾਲਰ ਚੋਰੀ ਕਰਨ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਹੈ। ਅੰਸਾਰੀ ਨੂੰ ਪੇਂਟਿੰਗ ਦੇ ਕੰਮ ਲਈ ਰੱਖਿਆ ਗਿਆ ਸੀ, ਉਸ ਨੇ ਇੱਕ ਖੁੱਲ੍ਹੀ ਅਲਮਾਰੀ ਵਿੱਚੋਂ ਕੀਮਤੀ ਸਮਾਨ ਚੋਰੀ ਕੀਤਾ ਅਤੇ ਪੁਲਿਸ ਪੁੱਛਗਿੱਛ ਦੌਰਾਨ ਆਪਣਾ ਜ਼ੁਰਮ ਕਬੂਲ ਕਰ ਲਿਆ।
ਇਹ ਮਾਮਲਾ 28 ਦਸੰਬਰ 2024 ਤੋਂ 5 ਜਨਵਰੀ 2025 ਦਰਮਿਆਨ ਦਾ ਹੈ। ਪੂਨਮ ਆਪਣੇ ਬੇਟੇ ਅਨਮੋਲ ਨਾਲ ਜੁਹੂ ਵਿੱਚ ਰਹਿੰਦੀ ਹੈ, ਪਰ ਕਈ ਵਾਰ ਖਾਰ ਵਿੱਚ ਆਪਣੇ ਘਰ ਰਹਿੰਦੀ ਹੈ। ਅਦਾਕਾਰਾ ਦੇ ਘਰ ਪੇਂਟਿੰਗ ਦਾ ਕੰਮ ਚੱਲ ਰਿਹਾ ਸੀ। ਇਹ ਕੰਮ 28 ਦਸੰਬਰ 2024 ਤੋਂ 5 ਜਨਵਰੀ 2025 ਤੱਕ ਜਾਰੀ ਰਿਹਾ।
ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਅੰਸਾਰੀ 28 ਦਸੰਬਰ ਤੋਂ 5 ਜਨਵਰੀ ਦਰਮਿਆਨ ਫਲੈਟ ਨੂੰ ਪੇਂਟ ਕਰਨ ਲਈ ਅਦਾਕਾਰਾ ਦੇ ਘਰ ਗਿਆ ਸੀ। ਇਸ ਦੌਰਾਨ ਉਸ ਨੇ ਖੁੱਲ੍ਹੀ ਅਲਮਾਰੀ ਦਾ ਫਾਇਦਾ ਉਠਾ ਕੇ ਸਾਮਾਨ ਚੋਰੀ ਕਰ ਲਿਆ। ਮੁਲਜ਼ਮਾਂ ਨੇ ਚੋਰੀ ਦੇ ਕੁਝ ਪੈਸਿਆਂ ਨਾਲ ਪਾਰਟੀ ਵੀ ਕੀਤੀ ਸੀ।