ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਅਗਾਮੀ ਅਤੇ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ 'ਅੱਲੜ੍ਹ ਵਰੇਸ' ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦੇ ਨਾਲ ਹੀ ਇਸ ਦੀ ਨਵੀਂ ਝਲਕ ਵੀ ਦਰਸ਼ਕਾਂ ਦੇ ਸਨਮੁੱਖ ਕੀਤੀ ਗਈ ਹੈ।
'ਟੋਪ ਹਿੱਲ ਮੂਵੀਜ਼-ਆਰਨਿਕਾ ਪ੍ਰੋਡਕਸ਼ਨ' ਦੇ ਬੈਨਰ ਹੇਠ ਬਣੀ ਅਤੇ 'ਰੰਗਲਾ ਪੰਜਾਬ ਮੋਸ਼ਨ ਪਿਕਚਰਜ਼' ਦੇ ਸੁਯੰਕਤ ਨਿਰਮਾਣ ਅਧੀਨ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦੇ ਲੇਖਕ ਕੇਐਸ ਰੰਧਾਵਾ, ਸਕਰੀਨਪਲੇ ਡਾਈਲਾਗ ਲੇਖਕ ਜਸ ਬਰਾੜ, ਹੰਸਪਾਲ ਸਿੰਘ ਅਤੇ ਨਿਰਮਾਤਾ ਮਨਜੋਤ ਸਿੰਘ, ਨਿਤਨ ਨਾਇਕ, ਸਾਰਿਕਾ ਦੇਵੀ ਹਨ, ਜਦਕਿ ਨਿਰਦੇਸ਼ਨ ਕਮਾਂਡ ਸ਼ਿਵਮ ਸ਼ਰਮਾ ਵੱਲੋਂ ਸੰਭਾਲੀ ਗਈ ਹੈ, ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਪਾਲੀਵੁੱਡ 'ਚ ਹੋਰ ਪ੍ਰਭਾਵੀ ਪਾਰੀ ਦਾ ਆਗਾਜ਼ ਕਰਨ ਵੱਲ ਵਧਣਗੇ।
ਰੁਮਾਂਟਿਕ-ਡਰਾਮਾ ਅਤੇ ਮਿਊਜ਼ਿਕਲ ਕਹਾਣੀ ਆਧਾਰਿਤ ਇਸ ਫਿਲਮ ਵਿੱਚ ਅਰਮਾਨ ਬੇਦਿਲ ਅਤੇ ਜਾਨਵੀਰ ਕੌਰ ਲੀਡ ਜੋੜੀ ਵੱਲੋਂ ਨਜ਼ਰ ਆਉਣਗੇ, ਜਿੰਨ੍ਹਾਂ ਨਾਲ ਜਿੰਮੀ ਸ਼ਰਮਾ, ਕਵੀ ਸਿੰਘ, ਨਿਰਮਲ ਰਿਸ਼ੀ, ਦਿਵਜੋਤ ਕੌਰ, ਸਵਿੰਦਰ ਮਾਹਲ, ਮਲਕੀਤ ਰੌਣੀ, ਤਰਸੇਮ ਪਾਲ, ਰਾਜ ਧਾਲੀਵਾਲ, ਨਿਰਭੈ ਧਾਲੀਵਾਲ, ਸਤਵੰਤ ਕੌਰ, ਗੁਰਮੀਤ ਦਮਨ, ਪਰਮਿੰਦਰ ਗਿੱਲ, ਨਿਰਵੇਲ ਭੁੱਲਰ, ਮੌਂਟੀ, ਪ੍ਰਿਯਾ ਦਿਓਲ, ਸਤੀਸ਼ ਹਿੰਦੁਸਤਾਨੀ, ਯਸ਼ਵੀਰ ਸ਼ਰਮਾ, ਰਾਜ ਰੰਗਰੇਜ਼, ਤਨਵੀਰ ਰਤਨ ਆਦਿ ਜਿਹੇ ਨਾਮੀ ਗਿਰਾਮੀ ਚਿਹਰੇ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਵਿਖਾਈ ਦੇਣਗੇ।
ਬੀਤੇ ਵਰ੍ਹੇ ਰਿਲੀਜ਼ ਹੋਈ ਅਤੇ ਸੁੱਖ ਸੰਘੇੜਾ ਵੱਲੋਂ ਨਿਰਦੇਸ਼ਿਤ ਕੀਤੀ ਆਪਣੀ ਡੈਬਿਊ ਪੰਜਾਬੀ ਫਿਲਮ 'ਮੁੰਡਾ ਸਾਊਥਾਲ ਦਾ' ਨਾਲ ਪਾਲੀਵੁੱਡ 'ਚ ਕਾਫੀ ਚਰਚਾ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਸਫਲ ਰਹੇ ਹਨ ਅਦਾਕਾਰ ਅਤੇ ਗਾਇਕ ਅਰਮਾਨ ਬੇਦਿਲ, ਜੋ ਮਸ਼ਹੂਰ ਅਤੇ ਅਜ਼ੀਮ ਗੀਤਕਾਰ ਬਚਨ ਬੇਦਿਲ ਦੇ ਬੇਟੇ ਹਨ, ਜਿੰਨ੍ਹਾਂ ਦੇ ਪਿਤਾ ਵੱਲੋਂ ਲਿਖੇ ਬੇਸ਼ੁਮਾਰ ਗੀਤ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਖਿੱਤੇ ਨਾਲ ਸੰਬੰਧ ਰੱਖਦੇ ਅਤੇ ਉੱਥੇ ਹੀ ਪਲੇ ਅਤੇ ਪੜਾਈ ਕਰਨ ਵਾਲੇ ਅਦਾਕਾਰ ਅਰਮਾਨ ਬੇਦਿਲ ਅਪਣੀ ਇਸ ਦੂਸਰੀ ਅਤੇ ਬਿੱਗ ਸੈਟਅੱਪ ਫਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਦੀ ਇਸ ਸ਼ਾਨਦਾਰ ਫਿਲਮ ਨੂੰ ਵਾਈਟ ਹਿੱਲ ਵੱਲੋਂ ਇਸੇ ਮਹੀਨੇ 31 ਮਈ ਨੂੰ ਵਰਲਡ-ਵਾਈਡ ਰਿਲੀਜ਼ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਇਸ ਖੂਬਸੂਰਤ ਫਿਲਮ ਦੇ ਕਾਰਜਕਾਰੀ ਨਿਰਮਾਤਾ ਸੋਨੂੰ ਕੁੰਤਲ, ਮੋਨਿਕਾ ਘਈ, ਸਿਨੇਮਾਟੋਗ੍ਰਾਫ਼ਰ ਵਿਸ਼ਵਨਾਥ ਪ੍ਰਜਾਪਤੀ ਅਤੇ ਪ੍ਰੋਡਕਸ਼ਨ ਮੈਨੇਜਰ ਗੁਰਮੀਤ ਦਮਨ ਹਨ।