ਚੰਡੀਗੜ੍ਹ: ਹਿੰਦੀ ਸਿਨੇਮਾ ਦੇ ਸ਼ਾਨਦਾਰ ਅਤੇ ਉੱਚ ਕੋਟੀ ਫਾਈਟ ਮਾਸਟਰ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਹਨ ਮੋਹਨ ਬੱਗੜ, ਜਿੰਨਾ ਦਾ ਹੋਣਹਾਰ ਬੇਟਾ ਸੋਨੂੰ ਬੱਗੜ ਵੀ ਬਤੌਰ ਅਦਾਕਾਰ ਬਾਲੀਵੁੱਡ 'ਚ ਸ਼ਾਨਦਾਰ ਡੈਬਿਊ ਕਰਨ ਜਾ ਰਿਹਾ ਹੈ, ਜਿਸ ਦੀ ਪਲੇਠੀ ਫਿਲਮ 'ਯੂਪੀ ਫਾਈਲ' 29 ਮਾਰਚ ਨੂੰ ਦੇਸ਼ ਵਿਦੇਸ਼ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਸ਼੍ਰੀ ਉਸਤਵਲ ਫਿਲਮਜ਼' ਦੇ ਬੈਨਰ ਹੇਠ ਬਣਾਈ ਗਈ ਇਸ ਰਾਜਨੀਤੀਕ ਅਤੇ ਐਕਸ਼ਨ-ਡਰਾਮਾ ਫਿਲਮ ਦਾ ਨਿਰਮਾਣ ਕੁਲਦੀਪ ਉਮਰਾਓ ਸਿੰਘ ਉਸਤਵਾਲ ਜਦ ਕਿ ਨਿਰਦੇਸ਼ਨ ਨੀਰਜ ਸਹਾਏ ਦੁਆਰਾ ਕੀਤਾ ਗਿਆ ਹੈ, ਜੋ ਹਿੰਦੀ ਦੀਆਂ ਕਈ ਚਰਚਿਤ ਫਿਲਮਾਂ ਨਾਲ ਨਿਰਦੇਸ਼ਕ ਦੇ ਤੌਰ 'ਤੇ ਜੁੜੇ ਰਹੇ ਹਨ।
ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਮੁੰਬਈ ਆਦਿ ਵਿਖੇ ਫਿਲਮਾਈ ਗਈ ਇਸ ਫਿਲਮ ਵਿੱਚ ਹਿੰਦੀ ਸਿਨੇਮਾ ਦੇ ਕਈ ਮੰਨੇ ਪ੍ਰਮੰਨੇ ਐਕਟਰਜ਼ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਹਨ, ਜਿੰਨਾ ਨਾਲ ਕਾਫ਼ੀ ਮਹੱਤਵਪੂਰਨ ਰੋਲ ਅਦਾ ਕਰਦਾ ਵਿਖਾਈ ਦੇਵੇਗਾ ਬਹੁ-ਪੱਖੀ ਪ੍ਰਤਿਭਾ ਦਾ ਧਨੀ ਅਦਾਕਾਰ ਸੋਨੂੰ ਬੱਗੜ, ਜਿਸ ਅਨੁਸਾਰ ਰਾਜਨੀਤਿਕ ਗਲਿਆਰਿਆਂ ਵਿੱਚ ਬੁਣੇ ਜਾਂਦੇ ਚੱਕਰਵਿਊਜ਼ ਅਤੇ ਇਸ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਅਤੇ ਸਮਾਜ ਦੁਆਲੇ ਕੇਂਦਰਿਤ ਇਹ ਫਿਲਮ ਬਹੁਤ ਹੀ ਦਿਲਚਸਪ ਅਤੇ ਦਿਲਟੁੰਬਵੇਂ ਰੂਪ ਅਧੀਨ ਬਣਾਈ ਗਈ ਹੈ।
ਉਨਾਂ ਦੱਸਿਆ ਕਿ ਹਾਲਾਂਕਿ ਇਹ ਗੱਲ ਵੀ ਸਹੀ ਹੈ ਕਿ ਇਸ ਤੋਂ ਪਹਿਲਾਂ ਵੀ ਰਾਜਨੀਤਿਕ ਕਹਾਣੀ ਦੁਆਲੇ ਘੁੰਮਦੀਆਂ ਕਈ ਫਿਲਮਾਂ ਸਾਹਮਣੇ ਆ ਚੁੱਕੀਆਂ ਪਰ ਉਕਤ ਫਿਲਮ ਨੂੰ ਕੰਟੈਂਟ ਅਤੇ ਸਕਰੀਨ-ਪਲੇਅ ਪੱਖੋਂ ਨਿਵੇਕਲਾ ਅਤੇ ਪ੍ਰਭਾਵਸਾਲੀ ਮੁਹਾਂਦਰਾ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਸੰਬੰਧੀ ਸਾਰੀ ਟੀਮ ਦੁਆਰਾ ਕੀਤੇ ਗਏ ਜੀਅ ਜਾਨ ਅਤੇ ਉਮਦਾ ਯਤਨਾਂ ਨੂੰ ਵੇਖਦਿਆਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਫਿਲਮ ਹਰ ਵਰਗ ਦਰਸ਼ਕਾਂ ਦੀ ਕਸਵੱਟੀ 'ਤੇ ਪੂਰਨ ਖਰਾ ਉਤਰਨ ਵਿੱਚ ਸਫ਼ਲ ਰਹੇਗੀ।
ਮੂਲ ਰੂਪ ਵਿੱਚ ਪੰਜਾਬ ਦੇ ਦੁਆਬਾ ਸੰਬੰਧਤ ਅਤੇ ਮੁੰਬਈ ਵਿਖੇ ਪਲੇ ਅਦਾਕਾਰ ਸੋਨੂੰ ਬੱਗੜ ਅਪਣੇ ਪਿਤਾ ਵਾਂਗ ਸਿਨੇਮਾ ਖੇਤਰ ਵਿੱਚ ਕੁਝ ਅਲਹਦਾ ਅਤੇ ਵਿਲੱਖਣ ਕਰਨ ਦੀ ਤਾਂਘ ਰੱਖਦੇ ਹਨ, ਜਿੰਨਾ ਇਸੇ ਸੰਬੰਧੀ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਦੱਸਿਆ ਕਿ ਬਾਲੀਵੁੱਡ ਵਿੱਚ ਦੂਰ ਦਰਾਜ ਤੋਂ ਆ ਕੇ ਸੁਫਨਿਆਂ ਦੀ ਧਰਤੀ ਮੰਨੀ ਜਾਂਦੀ ਮੁੰਬਈ ਵਿੱਚ ਕਦਮ ਜਮਾਉਣਾ ਅਸਾਨ ਨਹੀਂ ਹੁੰਦਾ ਪਰ ਉਨਾਂ ਦੇ ਪਿਤਾ ਮੋਹਨ ਬੱਗੜ ਨੇ ਆਪਣੀ ਸਾਲਾਂਬੱਧੀ ਕੀਤੀ ਮਿਹਨਤ ਅਤੇ ਦ੍ਰਿੜ ਇਰਾਦੇ ਸਦਕਾ ਇਸ ਅਸੰਭਵ ਕਾਰਜ ਨੂੰ ਸੰਭਵ ਕਰ ਵਿਖਾਇਆ, ਜਿੰਨਾ ਨੂੰ ਆਪਣਾ ਆਈਡੀਅਲ ਮੰਨਦਿਆਂ ਉਹ ਵੀ ਪੂਰੀ ਜਨੂੰਨੀਅਤ ਅਤੇ ਲਗਨ ਨਾਲ ਇਸ ਖੇਤਰ ਵਿੱਚ ਯਤਨਸ਼ੀਲ ਹੋ ਚੁੱਕਾ ਹੈ, ਜਿਸ ਸੰਬੰਧੀ ਕੀਤੇ ਜਾ ਰਹੇ ਯਤਨਾਂ ਵਜੇ ਹੀ ਸਾਹਮਣੇ ਆਉਣ ਜਾ ਰਹੀ ਹੈ ਉਸ ਦੀ ਇਹ ਪਹਿਲੀ ਫਿਲਮ।