ਚੰਡੀਗੜ੍ਹ: ਪਾਲੀਵੁੱਡ ਫਿਲਮ ਉਦਯੋਗ 'ਚ ਐਕਸਪੈਰੀਮੈਂਟਲ ਫਿਲਮਾਂ ਬਣਾਉਣ ਦਾ ਰੁਝਾਨ ਇੰਨੀਂ ਦਿਨੀਂ ਹੋਰ ਸਿਖਰਾਂ ਛੂਹਦਾ ਨਜ਼ਰੀ ਆ ਰਿਹਾ ਹੈ, ਜਿਸ ਦੇ ਲਗਾਤਾਰ ਹੋਰ ਜ਼ੋਰ ਫੜਦੇ ਜਾ ਰਹੇ ਸਿਲਸਿਲੇ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਹੈ ਪੰਜਾਬੀ ਫਿਲਮ 'ਬਰਾਬਰੀ', ਜੋ ਜਲਦ ਸ਼ੋਸ਼ਲ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਹੀ ਹੈ।
"ਐਸ ਆਰ ਰਿਕਾਰਡਸ" ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਪੰਜਾਬੀ ਲਘੂ ਫਿਲਮ ਦਾ ਨਿਰਦੇਸ਼ਨ ਵਿਜੇ ਅਟਵਾਲ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਬਿਹਤਰੀਨ ਪੰਜਾਬੀ ਲਘੂ ਫਿਲਮਾਂ ਨਾਲ ਜੁੜੇ ਰਹੇ ਹਨ।
ਪੰਜਾਬ ਅਤੇ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਇਸ ਪੰਜਾਬੀ ਲਘੂ ਫਿਲਮ ਦੀ ਕਹਾਣੀ ਬਹੁਤ ਹੀ ਪ੍ਰਭਾਵਪੂਰਨ ਥੀਮ ਦੁਆਲੇ ਬੁਣੀ ਗਈ ਹੈ, ਜਿਸ ਵਿਚਲੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਕੁਲਦੀਪ ਨਿਆਮੀ ਬਲਵਿੰਦਰ ਮਾਨ, ਰੋਬਰਟ ਘਾਲੂ, ਅਮਨਦੀਪ ਭੱਟੀ, ਲਵ ਸਰਪੰਚ ਅਤੇ ਸੁਖਵਿੰਦਰ ਭੁੱਲਰ ਸ਼ੁਮਾਰ ਹਨ ।