ਚੰਡੀਗੜ੍ਹ:ਪੰਜਾਬੀ ਸਿਨੇਮਾ ਦੀਆਂ ਆਗਾਮੀ ਬਹੁ-ਚਰਚਿਤ ਫਿਲਮਾਂ ਵਿੱਚ ਸ਼ਾਮਿਲ ਅਤੇ ਦਰਸ਼ਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਮਿਸਟਰ ਸ਼ੁਦਾਈ' ਆਖਰਕਾਰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਲਈ ਤਿਆਰ ਹੈ, ਜਿਸ ਦੇ ਨਵੇਂ ਲੁੱਕ ਦੇ ਨਾਲ-ਨਾਲ ਇਸ ਦੀ ਰਿਲੀਜ਼ ਮਿਤੀ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ, ਜੋ ਅਗਲੇ ਮਹੀਨੇ 21 ਜੂਨ ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਹੈ।
'ਬਲ ਪ੍ਰੋਡੋਕਸ਼ਨ' ਅਤੇ 'ਫਿਲਮੀ ਲੋਕ' ਦੇ ਬੈਨਰਜ਼ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਕਾਮੇਡੀ-ਡਰਾਮਾ ਫਿਲਮ ਦੇ ਨਿਰਮਾਤਾ ਮੋਹਨਬੀਰ ਸਿੰਘ ਬਰਾੜ ਅਤੇ ਸਹਿ ਨਿਰਮਾਣਕਾਰ ਜਸਕਰਨ ਵਾਲੀਆ, ਅੰਮ੍ਰਿਤਪਾਲ ਖਿੰਦਾ ਹਨ, ਜਦਕਿ ਨਿਰਦੇਸ਼ਨ ਹਰਜੋਤ ਸਿੰਘ ਵੱਲੋਂ ਕੀਤਾ ਗਿਆ ਹੈ, ਜੋ ਆਪਣੀ ਪਹਿਲੀ ਪੰਜਾਬੀ ਫਿਲਮ ਨਾਲ ਬਤੌਰ ਨਿਰਦੇਸ਼ਕ ਪ੍ਰਭਾਵੀ ਪਾਰੀ ਦੇ ਆਗਾਜ਼ ਵੱਲ ਵਧਣ ਜਾ ਰਹੇ ਹਨ।
ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ ਅਤੇ ਮਨਮੋਹਕ ਲੋਕੇਸ਼ਨਾਂ ਉਪਰ ਸ਼ੂਟ ਕੀਤੀ ਗਈ ਅਤੇ ਕੁਰਾਨ ਢਿੱਲੋਂ ਵੱਲੋ ਲਿਖੀ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਹਰਸਿਮਰਨ, ਮੈਂਡੀ ਤੱਖੜ, ਕਰਮਜੀਤ ਅਨਮੋਲ, ਸੁਖਵਿੰਦਰ ਚਾਹਲ, ਨਿਸ਼ਾ ਬਾਨੋ, ਮਲਕੀਤ ਰੋਣੀ, ਹਰਬੀ ਸੰਘਾ, ਆਰਵ ਭੁੱਲਰ, ਯੁਹਾਨ ਬਰਾੜ, ਨਵ ਲਹਿਲ, ਅੰਸ਼ਮਨ ਸਿੱਧੂ ਸ਼ਾਮਿਲ ਹਨ।