ਹਾਵੇਰੀ/ਹੁਬਲੀ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਮੁਲਜ਼ਮ ਨੂੰ ਬੁੱਧਵਾਰ ਕਰਨਾਟਕ ਦੇ ਹਾਵੇਰੀ ਸ਼ਹਿਰ 'ਚ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਭੀਖਾ ਰਾਮ ਉਰਫ਼ ਵਿਕਰਮ ਪੁੱਤਰ ਜਲਰਾਮ ਬਿਸ਼ਨੋਈ ਵਾਸੀ ਰਾਜਸਥਾਨ ਵੱਜੋਂ ਹੋਈ ਹੈ। ਜਲੌਰ ਜ਼ਿਲ੍ਹੇ ਦਾ ਰਹਿਣ ਵਾਲਾ 32 ਸਾਲਾ ਭੀਖਾ ਰਾਮ ਡੇਢ ਮਹੀਨਾ ਪਹਿਲਾਂ ਹੀ ਮਜ਼ਦੂਰੀ ਲਈ ਹਵੇਰੀ ਸ਼ਹਿਰ ਆਇਆ ਸੀ। ਮੁੰਬਈ ਪੁਲਿਸ ਦੀ ਸੂਚਨਾ ਦੇ ਆਧਾਰ 'ਤੇ ਹਾਵੇਰੀ ਜ਼ਿਲਾ ਪੁਲਿਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ।
ਪੁਲਿਸ ਨੇ ਦੱਸਿਆ ਕਿ ਮਹਾਰਾਸ਼ਟਰ ਏ.ਟੀ.ਐੱਸ. ਅਤੇ ਮੁੰਬਈ ਪੁਲਿਸ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਉਸ ਨੂੰ ਗ੍ਰਿਫਤਾਰ ਕਰਕੇ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮੁੰਬਈ ਪੁਲਿਸ ਨੇ ਮੁਲਜ਼ਮ ਦਾ ਟਿਕਾਣਾ ਹੁਬਲੀ ਦੱਸਿਆ ਸੀ। ਜਿਸ ਤੋਂ ਬਾਅਦ ਮੁੰਬਈ ਪੁਲਿਸ ਦੀ ਇੱਕ ਟੀਮ ਬੁੱਧਵਾਰ ਨੂੰ ਕਰਨਾਟਕ ਦੇ ਹੁਬਲੀ ਪਹੁੰਚੀ ਅਤੇ ਤਲਾਸ਼ੀ ਮੁਹਿੰਮ ਚਲਾਈ। ਉਥੇ ਹੀ ਹੁਬਲੀ ਪੁਲਿਸ ਸੂਤਰਾਂ ਮੁਤਾਬਕ ਮੁੰਬਈ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਭਿਨੇਤਾ ਨੂੰ ਧਮਕੀ ਦੇਣ ਵਾਲਾ ਦੋਸ਼ੀ ਹੁਬਲੀ 'ਚ ਹੈ, ਜਿਸ ਤੋਂ ਬਾਅਦ ਪੁਲਿਸ ਟੀਮ ਇੱਥੇ ਪਹੁੰਚੀ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ।
ਬਿਸ਼ਨੋਈ ਦੇ ਭਰਾ ਹੋਣ ਦਾ ਦਾਅਵਾ
ਮਿਲੀ ਜਾਣਕਾਰੀ ਮੁਤਾਿਬਕ ਉਕਤ ਮੁਲਜ਼ਮ ਦੇ ਲਾਰੇਂਸ ਬਿਸ਼ਨੋਈ ਦਾ ਭਰਾ ਹੋਣ ਦਾ ਦਾਅਵਾ ਕੀਤਾ ਹੈ ਅਤੇ ਸਲਮਾਨ ਖਾਨ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਸਲਮਾਨ ਖਾਨ ਨੇ ਲਾਰੇਂਸ ਬਿਸ਼ਨੋਈ ਗੈਂਗ ਨਾਲ ਕਥਿਤ ਝਗੜੇ ਨੂੰ ਸੁਲਝਾਉਣ ਲਈ 5 ਕਰੋੜ ਰੁਪਏ ਨਾ ਦਿੱਤੇ ਤਾਂ ਉਨ੍ਹਾਂ ਦੀ ਹਾਲਤ ਐੱਨਸੀਪੀ ਨੇਤਾ ਬਾਬਾ ਸਿੱਦੀਕੀ ਵਰਗੀ ਹੋ ਜਾਵੇਗੀ। ਮੁਲਜ਼ਮ ਨੇ ਇਹ ਵੀ ਕਿਹਾ ਕਿ ਧਮਕੀ ਨੂੰ ਹਲਕੇ ਵਿੱਚ ਨਾ ਲਿਆ ਜਾਵੇ।