ਚੰਡੀਗੜ੍ਹ:ਰਿਲੀਜ਼ ਹੋਈ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਨਾਲ ਇੰਨੀਂ ਦਿਨੀਂ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਰਹੀ ਅਦਾਕਾਰਾ ਮਾਹੀ ਸ਼ਰਮਾ ਜਲਦ ਹੀ ਲਹਿੰਦੇ ਪੰਜਾਬ ਦਾ ਵੀ ਹਿੱਸਾ ਬਣਨ ਜਾ ਰਹੀ ਹੈ, ਜੋ ਬੀਤੇ ਦਿਨੀਂ ਐਲਾਨੀ ਹੋਈ ਅਤੇ ਬਿੱਗ ਸੈਟਅੱਪ ਅਧੀਨ ਬਣਾਈ ਜਾ ਰਹੀ ਸੀਕਵਲ ਪੰਜਾਬੀ ਫਿਲਮ 'ਚੂੜੀਆਂ 2' ਵਿੱਚ ਨਜ਼ਰ ਆਵੇਗੀ, ਜਿੰਨ੍ਹਾਂ ਦੀ ਇਹ ਬਹੁ-ਚਰਚਿਤ ਫਿਲਮ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
ਸਾਲ 1998 ਵਿੱਚ ਰਿਲੀਜ਼ ਹੋਈ ਅਤੇ ਅਪਾਰ ਕਾਮਯਾਬ ਰਹੀ ਪਾਕਿਸਤਾਨੀ ਫਿਲਮ 'ਚੂੜੀਆਂ' ਦੇ ਸੀਕਵਲ ਵਜੋਂ ਸਾਹਮਣੇ ਆਉਣ ਜਾ ਰਹੀ 'ਚੂੜੀਆਂ 2' ਦਾ ਨਿਰਮਾਣ ਉੱਥੋਂ ਦੇ ਮੰਨੇ-ਪ੍ਰਮੰਨੇ ਅਤੇ ਦਿੱਗਜ ਨਿਰਮਾਤਾ-ਫਿਲਮਕਾਰ ਸੱਯਦ ਨੂਰ ਕਰਨਗੇ, ਜਿੰਨ੍ਹਾਂ ਵੱਲੋਂ ਉਕਤ ਪਹਿਲੀ ਅਤੇ ਸੁਪਰ ਡੁਪਰ ਹਿੱਟ ਰਹੀ 'ਚੂੜੀਆਂ' ਦਾ ਵੀ ਨਿਰਦੇਸ਼ਨ ਵੀ ਕੀਤਾ ਗਿਆ ਸੀ, ਹਾਲਾਂਕਿ ਇਸ ਨਵੇਂ ਭਾਗ ਦਾ ਉਹ ਨਿਰਦੇਸ਼ਨ ਕਰਨਗੇ ਜਾਂ ਨਹੀਂ, ਇਸ ਦਾ ਹਾਲ ਫਿਲਹਾਲ ਖੁਲਾਸਾ ਉਨ੍ਹਾਂ ਜਾਂ ਉਨ੍ਹਾਂ ਦੀ ਨਿਰਮਾਣ ਟੀਮ ਵੱਲੋਂ ਹਾਲੇ ਨਹੀਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਭਰ ਵਿੱਚ ਧੂੰਮਾਂ ਪਾ ਦੇਣ ਵਾਲੀ ਐਕਸ਼ਨ ਰੁਮਾਂਟਿਕ ਫਿਲਮ 'ਚੂੜੀਆਂ' ਵਿੱਚ ਮਸ਼ਹੂਰ ਅਦਾਕਾਰਾ ਸਾਇਮਾ ਨੂਰ ਵੱਲੋਂ ਲੀਡ ਭੂਮਿਕਾ ਨਿਭਾਈ ਗਈ ਸੀ, ਜਿੰਨ੍ਹਾਂ ਤੋਂ ਇਲਾਵਾ ਮੁਅੱਮਰ ਰਾਣਾ, ਮੁਜੱਫਰ ਅਦੀਬ, ਸਨਾ, ਬਾਬਰ ਬੱਟ, ਬਹਾਰ ਬੇਗਮ, ਸਫਕਤ ਚੀਮਾ, ਨਰਗਿਸ, ਸਰਦਾਰ ਕਮਲ, ਅੰਜੁਮਨ, ਅਰਮਾਨ ਖਸੂਤ, ਅਜਹਰ ਰੰਗੀਲਾ, ਨਗਮਾ, ਦੀਬਾ ਅਤੇ ਅਦੀਬ ਖਾਨ ਜਿਹੇ ਉੱਚ-ਕੋਟੀ ਅਤੇ ਆਹਲਾ ਸਿਨੇਮਾ ਰੁਤਬਾ ਰੱਖਦੇ ਐਕਟਰਜ਼ ਦੁਆਰਾ ਵੀ ਇਸ ਵਿਚ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਗਈਆਂ ਸਨ, ਜਿੰਨ੍ਹਾਂ ਦੀ ਬੇਮਿਸਾਲ ਅਦਾਕਾਰੀ ਨਾਲ ਸਜੀ ਇਹ ਫਿਲਮ ਲਹਿੰਦੇ ਪੰਜਾਬ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ।
ਦੁਨੀਆਂ ਭਰ ਵਿੱਚ ਖਿੱਚ ਅਤੇ ਚਰਚਾ ਦਾ ਕੇਂਦਰ ਬਿੰਦੂ ਬਣ ਚੁੱਕੀ ਸੀਕਵਲ ਫਿਲਮ 'ਚੂੜੀਆਂ 2' ਦੇ ਨਿਰਮਾਣ ਨਾਲ ਜੁੜੇ ਟੀਮ ਮੈਂਬਰਾਨ ਅਨੁਸਾਰ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਦੂਰੀਆਂ ਨੂੰ ਮਿਟਾਉਣ ਅਤੇ ਭਾਈਚਾਰਕ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਜਿੱਥੇ ਸ਼ੁਰੂ ਹੋਣ ਜਾ ਰਹੀ ਇਹ ਇੰਡੋ-ਪਾਕਿ ਸੁਮੇਲ ਫਿਲਮ ਅਹਿਮ ਭੂਮਿਕਾ ਨਿਭਾਵੇਗੀ, ਉੱਥੇ ਦੋਹਾਂ ਪੰਜਾਬਾਂ ਦੇ ਸਿਨੇਮਾ ਨੂੰ ਵੀ ਹੋਰ ਵਿਸਥਾਰ ਦੇਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਲੰਦਨ ਵਿਖੇ ਸ਼ੂਟ ਕੀਤੀ ਜਾਣ ਵਾਲੀ ਇਸ ਸੀਕਵਲ ਫਿਲਮ ਵਿੱਚ ਪਾਕਿਸਤਾਨੀ ਕਲਾਕਾਰਾਂ ਦੇ ਨਾਲ-ਨਾਲ ਭਾਰਤੀ ਪੰਜਾਬੀ ਸਿਨੇਮਾ ਨਾਲ ਜੁੜੇ ਕੁਝ ਹੋਰ ਨਾਮਵਰ ਕਲਾਕਾਰਾਂ ਨੂੰ ਵੀ ਸ਼ਾਮਿਲ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਦੇ ਨਾਵਾਂ ਦਾ ਰਸਮੀ ਐਲਾਨ ਜਲਦ ਹੀ ਕੀਤੇ ਜਾਣ ਦੀ ਸੰਭਾਵਨਾ ਹੈ।