ਚੰਡੀਗੜ੍ਹ:ਬਾਲੀਵੁੱਡ ਗਲਿਆਰੇ ਵਿੱਚ ਇਸ ਸਮੇਂ 'ਤੂਫਾਨੀ' ਕ੍ਰਿਕਟਰ ਯੁਵਰਾਜ ਸਿੰਘ ਦੀ ਬਾਇਓਪਿਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਨਿਰਮਾਤਾ ਭੂਸ਼ਣ ਕੁਮਾਰ ਅਤੇ ਰਵੀ ਭਾਗਚੰਦਕਾ ਯੁਵਰਾਜ ਸਿੰਘ ਦੇ ਸ਼ਾਨਦਾਰ ਸਫ਼ਰ ਅਤੇ ਉਸਦੀਆਂ ਕ੍ਰਿਕਟ ਪ੍ਰਾਪਤੀਆਂ ਤੋਂ ਲੈ ਕੇ ਮੈਦਾਨ ਤੋਂ ਬਾਹਰ ਉਸ ਦੇ ਸਾਹਸੀ ਸੰਘਰਸ਼ਾਂ ਤੱਕ ਨੂੰ ਪਰਦੇ ਉਤੇ ਦਿਖਾਉਣ ਦੀ ਤਿਆਰੀ ਕਰ ਰਹੇ ਹਨ।
ਇਸ ਫਿਲਮ ਦੀ ਚਰਚਾ ਦੇ ਨਾਲ ਅਸੀਂ ਤੁਹਾਨੂੰ ਕੁੱਝ ਅਜਿਹੇ ਖਿਡਾਰੀਆਂ ਉਤੇ ਬਣੀਆਂ ਫਿਲਮਾਂ ਬਾਰੇ ਦੱਸਾਂਗੇ, ਜੋ ਯਕੀਨਨ ਤੁਹਾਨੂੰ ਦੇਖ ਲੈਣੀਆਂ ਚਾਹੀਦੀਆਂ ਹਨ। ਆਓ ਲਿਸਟ ਉਤੇ ਸਰਸਰੀ ਨਜ਼ਰ ਮਾਰੀਏ...
ਐਮਐਸ ਧੋਨੀ: ਦਿ ਅਨਟੋਲਡ ਸਟੋਰੀ: 2016 ਵਿੱਚ ਰਿਲੀਜ਼ ਹੋਈ 'ਐਮਐਸ ਧੋਨੀ: ਦਿ ਅਨਟੋਲਡ ਸਟੋਰੀ' ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਜੀਵਨ ਉਪਰ ਆਧਾਰਿਤ ਫਿਲਮ ਹੈ। ਫਿਲਮ ਵਿੱਚ ਸਟਾਰ ਕ੍ਰਿਕਟਰ ਦਾ ਕਿਰਦਾਰ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਨਿਭਾਇਆ ਹੈ ਅਤੇ ਕ੍ਰਿਕਟਰ ਦੀ ਪਤਨੀ ਸਾਕਸ਼ੀ ਦਾ ਕਿਰਦਾਰ ਕਿਆਰਾ ਅਡਵਾਨੀ ਨੇ ਨਿਭਾਇਆ ਹੈ। ਇਸ ਫਿਲਮ ਦਾ ਨਿਰਦੇਸ਼ਨ ਨੀਰਜ ਪਾਂਡੇ ਵੱਲੋਂ ਕੀਤਾ ਗਿਆ ਹੈ।
ਮੈਰੀ ਕਾਮ:2014 ਵਿੱਚ ਰਿਲੀਜ਼ ਹੋਈ ਫਿਲਮ 'ਮੈਰੀ ਕਾਮ' ਮਸ਼ਹੂਰ ਭਾਰਤੀ ਮੁੱਕੇਬਾਜ਼ ਮੈਰੀਕਾਮ ਦੇ ਜੀਵਨ ਉਤੇ ਆਧਾਰਿਤ ਹੈ। ਫਿਲਮ ਵਿੱਚ 'ਮੈਰੀ ਕਾਮ' ਦਾ ਕਿਰਦਾਰ ਬਾਲੀਵੁੱਡ ਦੀ ਸਟਾਰ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਨਿਭਾਇਆ ਹੈ। ਫਿਲਮ ਮੁੱਕੇਬਾਜ਼ ਮੈਰੀਕਾਮ ਦੇ ਜੀਵਨ, ਉਸਦੇ ਸੰਘਰਸ਼ ਅਤੇ ਪ੍ਰਸਿੱਧੀ ਬਾਰੇ ਬਾਖੂਬੀ ਦੱਸਦੀ ਹੈ।
ਭਾਗ ਮਿਲਖਾ ਭਾਗ: 'ਭਾਗ ਮਿਲਖਾ ਭਾਗ' ਭਾਰਤ ਦੇ ਦੌੜਾਕ ਮਿਲਖਾ ਸਿੰਘ ਦੇ ਜੀਵਨ ਉਤੇ ਬਣੀ ਬਹੁਤ ਹੀ ਸ਼ਾਨਦਾਰ ਫਿਲਮ ਹੈ। 2013 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਖਿਡਾਰੀ ਮਿਲਖਾ ਸਿੰਘ ਦਾ ਕਿਰਦਾਰ ਫਰਹਾਨ ਅਖਤਰ ਨੇ ਨਿਭਾਇਆ ਹੈ। ਫਿਲਮ ਉਨ੍ਹਾਂ ਜੀਵਨ ਅਤੇ ਸੰਘਰਸ਼ ਨੂੰ ਕਾਫੀ ਸ਼ਾਨਦਾਰ ਤਰੀਕੇ ਨਾਲ ਬਿਆਨ ਕਰਦੀ ਹੈ।
ਦੰਗਲ: ਭਾਰਤੀ ਸਿਨੇਮਾ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ 'ਦੰਗਲ' ਇਸ ਲਿਸਟ ਵਿੱਚ ਖਾਸ ਸਥਾਨ ਰੱਖਦੀ ਹੈ। ਫਿਲਮ ਵਿੱਚ ਪਹਿਲਵਾਨ ਗੀਤਾ ਫੋਗਾਟ ਅਤੇ ਬਬੀਤਾ ਕੁਮਾਰੀ ਦੇ ਜੀਵਨ ਉਤੇ ਚਾਨਣਾ ਪਾਈ ਗਈ ਹੈ। ਇਸ ਦੇ ਨਾਲ ਹੀ ਇਸ ਫਿਲਮ ਰਾਹੀਂ ਉਨ੍ਹਾਂ ਦੇ ਪਿਤਾ ਮਹਾਵੀਰ ਸਿੰਘ ਫੋਗਾਟ ਦੀ ਕਹਾਣੀ ਵੀ ਪੇਸ਼ ਕੀਤੀ ਗਈ ਹੈ। ਫਿਲਮ ਵਿੱਚ ਆਮਿਰ ਖਾਨ ਦੇ ਕਿਰਦਾਰ ਨੇ ਸਭ ਨੂੰ ਖਿੱਚਿਆ ਹੈ।