ਚੰਡੀਗੜ੍ਹ:ਹਾਲ ਹੀ ਵਿੱਚ ਜਾਨੀ ਫਾਇਰ ਫੌਕਸ ਫਿਲਮ ਪ੍ਰੋਡੋਕਸ਼ਨ ਹਾਊਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਉਤੇ ਇੱਕ ਵੈੱਬ ਸੀਰੀਜ਼ ਬਣਾਉਣ ਦਾ ਐਲਾਨ ਕੀਤਾ ਹੈ, ਜਿਸ ਉਤੇ ਹੁਣ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਸਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਉਤੇ ਕਈ ਤਰ੍ਹਾਂ ਦੇ ਸੁਆਲ ਚੁੱਕੇ ਹਨ।
ਬਣ ਰਹੀ ਵੈੱਬ ਸੀਰੀਜ਼ ਉਤੇ ਕੀ ਬੋਲੀ ਗਾਇਕ ਦੀ ਮਾਂ
ਹਾਲ ਹੀ ਵਿੱਚ ਰੋਣ ਵਾਲੇ ਇਮੋਜੀਆਂ ਦੇ ਨਾਲ ਗਾਇਕ ਦੀ ਮਾਂ ਨੇ ਆਪਣੇ ਇੰਸਟਾਗ੍ਰਾਮ ਪੇਜ ਉਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ, 'ਮੈਂ ਕੀ ਕਹਾਂ ਕੀ ਬੋਲਾਂ? ਸ਼ਬਦ ਵੀ ਇਹ ਸੋਚ ਰਹੇ ਆ ਕਿ ਐਸਾ ਕਿਹੜਾ ਸ਼ਬਦ ਏ ਭਲਾ ਜੋ ਮੇਰੀਆਂ ਭਾਵਨਾਵਾਂ ਨੂੰ ਸਮਝੇ, ਮੈਂ ਹੁਣ ਸੋਚਦੀ ਹਾਂ ਕਿ ਮੇਰੀ ਦਿੱਤੀ ਮੇਰੇ ਪੁੱਤ ਨੂੰ ਚੰਗੀ ਸਿੱਖਿਆ ਅੱਜ ਦੀ ਰਾਜਨੀਤੀ ਦੀਆਂ ਸਾਜ਼ਿਸ਼ਾਂ ਨੇ ਤਹਿਸ ਨਹਿਸ ਕਰ ਦਿੱਤੀ, ਮੈਂ ਹੁਣ ਥੱਕ ਕੇ ਇਹ ਕਹਿ ਰਹੀ ਹਾਂ ਮੇਰੇ ਪੁੱਤ ਨੂੰ ਉਹਦੇ ਜਾਣ ਤੋਂ ਬਾਅਦ ਤਾਂ ਜੀਅ ਲੈਣ ਦੋ।'
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, 'ਉਹਨੂੰ ਮਾਰਨ ਆਲਿਆ ਦੀ, ਮਰਵਾਉਣ ਵਾਲਿਆਂ ਦੀ ਇੰਟਰਵਿਊ ਲਈ ਜਾ ਰਹੀ ਏ, ਉਨ੍ਹਾਂ ਉਤੇ ਫਿਲਮਾਂ ਬਣ ਰਹੀਆਂ ਨੇ ਅਤੇ ਇਹ ਸਭ ਕਰਵਾ ਕੌਣ ਰਿਹਾ...ਮੇਰੇ ਸੂਬੇ ਦਾ ਮੇਰੇ ਦੇਸ਼ ਦਾ ਕਾਨੂੰਨ, ਮੇਰੇ ਬੱਚੇ ਦੀ ਛਵੀ ਵਿਗਾੜ ਕੇ...ਮੇਰੇ ਬੱਚੇ ਨਾਲ ਜੁੜੇ ਤਮਾਮ ਲੋਕਾਂ ਦਾ ਮੋਹ ਆਸਾਨੀ ਨਾਲ ਨਹੀਂ ਟੁੱਟਣਾ, ਮੈਂ ਇਹ ਮਹਿਸੂਸ ਕਰ ਰਹੀ ਹਾਂ ਕਿ ਅੱਜ ਦਾ ਨੌਜਵਾਨ ਵਰਗ ਗੈਂਗਸਟਰਾਂ ਉਤੇ ਬਣ ਰਹੀਆਂ ਫਿਲਮਾਂ ਨੂੰ ਦੇਖ ਇਹ ਸਿੱਖੇਗਾ ਕਿ ਗਲਤ ਕਰੋ ਕਾਨੂੰਨ ਦੀ ਉਲੰਘਣਾ ਕਰੋ ਅਤੇ ਫਿਰ ਤੁਸੀਂ ਚੰਗੇ ਬਣ ਜਾਵੋਗੇ।'
ਉਨ੍ਹਾਂ ਨੇ ਅੱਗੇ ਲਿਖਿਆ, 'ਬਹੁਤ-ਬਹੁਤ ਨਿਰਾਸ਼ ਹਾਂ, ਇਨਸਾਫ਼ ਦੇਣ ਦੀ ਥਾਂ ਜਖ਼ਮਾਂ ਨੂੰ ਹੋਰ ਛਿਲਿਆ ਜਾ ਰਿਹਾ, ਪੁੱਤ ਤੂੰ ਆਜਾ ਮੇਰੇ ਕੋਲ, ਆ ਕੇ ਜਵਾਬ ਦੇ ਇਹਨਾਂ ਨੂੰ...ਮੈਂ ਕਿਵੇਂ ਨਜਿੱਠਾ ਇਹ ਦੋਗਲੀ ਦੁਨੀਆਂ ਨੂੰ।' ਹੁਣ ਇਸ ਪੋਸਟ ਉਤੇ ਪ੍ਰਸ਼ੰਸਕ ਵੀ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਜਸਟਿਸ ਫਾਰ ਸਿੱਧੂ ਮੂਸੇਵਾਲਾ।' ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਰੋਣ ਵਾਲੇ ਇਮੋਜੀ ਸਾਂਝੇ ਕੀਤੇ ਹਨ ਅਤੇ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਇਸ ਪੋਸਟ ਨਾਲ ਸਹਿਮਤੀ ਜਤਾਈ ਹੈ।
ਇਹ ਵੀ ਪੜ੍ਹੋ: