ਬਠਿੰਡਾ: ਜ਼ਿਲ੍ਹਾ ਬਠਿੰਡਾ ਵਿੱਚ ਲੋਹੜੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸੋਮਵਾਰ ਨੂੰ ਲੋਹੜੀ ਦੇ ਇਸ ਪਵਿੱਤਰ ਤਿਉਹਾਰ ਉੱਤੇ ਮੌਸਮ ਨੇ ਵੀ ਪੂਰਾ ਸਾਥ ਦਿੱਤਾ। ਸਵੇਰ ਦੀ ਧੁੱਪ ਨੇ ਲੋਕਾਂ ਵਿੱਚ ਹੋਰ ਵੀ ਖੁਸ਼ੀ ਅਤੇ ਉਤਸ਼ਾਹ ਪੈਦਾ ਕਰ ਦਿੱਤਾ। ਇਸੇ ਤਹਿਤ ਬਠਿੰਡਾ ਪੁਲਿਸ ਵੱਲੋਂ ਵੀ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।
ਚੱਪੇ ਚੱਪੇ 'ਤੇ ਪੁਲਿਸ ਤਾਇਨਾਤ
ਲੋਹੜੀ ਦੇ ਇਸ ਪਵਿੱਤਰ ਤਿਉਹਾਰ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਜਿੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸ਼ਹਿਰ ਵਿੱਚ ਚੱਪੇ ਚੱਪੇ 'ਤੇ ਪੁਲਿਸ ਤਾਇਨਾਤ ਕੀਤੀ ਗਈ ਹੈ। ਉੱਥੇ ਹੀ ਬਠਿੰਡਾ ਪੁਲਿਸ ਵੱਲੋਂ ਪੁਲਿਸ ਕਰਮਚਾਰੀਆਂ ਨਾਲ ਇਸ ਤਿਉਹਾਰ ਨੂੰ ਮਨਾਉਣ ਲਈ ਕੋਤਵਾਲੀ ਵਿਖੇ ਲੋਹੜੀ ਵਿਸ਼ੇਸ਼ ਸਮਾਗਮ ਰੱਖਿਆ ਗਿਆ। ਲੋਹੜੀ ਦੇ ਇਸ ਸਮਾਗਮ ਵਿੱਚ ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਅਤੇ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਵਿਸ਼ੇਸ਼ ਤੌਰ ਉੱਤੇ ਪਹੁੰਚੇ।
ਪੰਜਾਬੀ ਗਾਣਿਆਂ ਉੱਤੇ ਪੁਲਿਸ ਮੁਲਾਜ਼ਮਾਂ ਨੇ ਪਾਇਆ ਭੰਗੜਾ
ਬਠਿੰਡਾ ਪੁਲਿਸ ਵੱਲੋਂ ਥਾਣਾ ਕੋਤਵਾਲੀ ਦੇ ਵਿਹੜੇ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸਾਰੇ ਪੁਲਿਸ ਕਰਮਚਾਰੀਆਂ ਨੇ ਵਿਹੜੇ ਵਿੱਚ ਲੋਹੜੀ ਬਾਲ ਕੇ ਉਸ ਵਿੱਚ ਤਿੱਲ, ਗੱਚਕ ਅਤੇ ਮੂੰਗਫਲੀਆਂ ਪਾਈਆਂ। ਦੱਸ ਦੇਈਏ ਇਸ ਮੌਕੇ ਪੰਜਾਬੀ ਗਾਣਿਆ ਉੱਤੇ ਸਾਰੇ ਹੀ ਪੁਲਿਸ ਕਰਮਚਾਰੀਆਂ ਨੇ ਭੰਗੜਾ ਵੀ ਪਾਇਆ।
ਪੁਲਿਸ ਵਾਲਿਆਂ ਨੇ ਪਾਈਆਂ ਬੋਲੀਆਂ
ਜਿਸ ਤੋਂ ਬਾਅਦ ਕੁਝ ਪੁਲਿਸ ਵਾਲਿਆਂ ਨੇ ਪੰਜਾਬੀ ਬੋਲੀਆਂ ਪਾ ਕੇ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਆਈਜੀ ਹਰਜੀਤ ਸਿੰਘ ਨੇ ਕਿਹਾ ਕਿ ਅੱਜ ਉਹ ਲੋਹੜੀ ਦਾ ਤਿਉਹਾਰ ਪੁਲਿਸ ਪਰਿਵਾਰ ਨਾਲ ਮਨਾ ਰਹੇ ਹਨ ਅਤੇ ਆਪਣੀ ਵਚਨਬੱਧਤਾ ਨੂੰ ਦੁਹਰਾ ਰਹੇ ਹਨ। ਜਿਵੇਂ ਲੋਹੜੀ ਦੇ ਤਿਉਹਾਰ ਤੇ 'ਇਸਰ ਆ ਦਲਿਦਰ ਜਾ, ਦਲਿੱਦਰ ਦੀ ਜੜ ਚੁੱਲੇ ਪਾ' ਇਨਾਂ ਸਤਰਾਂ ਨੂੰ ਸਮਝਣ ਦੀ ਲੋੜ ਹੈ ਅਤੇ ਹਰ ਪੁਲਿਸ ਕਰਮਚਾਰੀ ਨੂੰ ਇਹਨਾਂ ਸਤਰਾਂ ਵਿੱਚੋਂ ਕੁਝ ਸਿੱਖਣ ਅਤੇ ਸਮਝਣਾ ਚਾਹੀਦਾ ਹੈ। ਇਸ ਦੇ ਚਲਦੇ ਅੱਜ ਉਹ ਪੁਲਿਸ ਪਰਿਵਾਰ ਨਾਲ ਲੋਹੜੀ ਦਾ ਤਿਉਹਾਰ ਮਨਾ ਰਹੇ ਹਨ ਅਤੇ ਇੱਕ ਦੂਸਰੇ ਨੂੰ ਵਧਾਈਆਂ ਦੇ ਰਹੇ ਹਨ।
ਇਸ ਮੌਕੇ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਵੱਲੋਂ ਬਠਿੰਡਾ ਪੁਲਿਸ ਦੇ ਸਮੂਹ ਕਰਮਚਾਰੀਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਮਾਨ ਸਨਮਾਨ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ। ਇਸ ਮੌਕੇ ਮਹਿਲਾ ਪੁਲਿਸ ਕਰਮਚਾਰੀਆਂ ਵੱਲੋਂ ਗਿੱਦਾ ਵੀ ਪਾਇਆ ਗਿਆ ਅਤੇ ਬੋਲੀਆਂ ਵੀ ਪਾਈਆਂ ਗਈਆਂ।