ਮੁੰਬਈ:ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਸੰਗੀਤ ਸਮਾਰੋਹ ਕੱਲ੍ਹ 5 ਜੁਲਾਈ 2024 ਨੂੰ ਹੋਇਆ। ਹੁਣ ਸੋਸ਼ਲ ਮੀਡੀਆ ਉਤੇ ਪ੍ਰੋਗਰਾਮ ਦੀਆਂ ਬਹੁਤ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।
ਤਾਜ਼ਾ ਇੱਕ ਵੀਡੀਓ ਵਿੱਚ ਵਿੱਕੀ ਕੌਸ਼ਲ, ਅਰਜੁਨ ਕਪੂਰ, ਅਨੰਨਿਆ ਪਾਂਡੇ ਅਤੇ ਸਾਰਾ ਅਲੀ ਖਾਨ ਵਰਗੀਆਂ ਬਾਲੀਵੁੱਡ ਮਸ਼ਹੂਰ ਹਸਤੀਆਂ ਦਾ ਮੇਲਾ ਦੇਖਣ ਨੂੰ ਮਿਲਿਆ, ਜੋ ਕਿ ਕਰਨ ਔਜਲਾ ਅਤੇ ਬਾਦਸ਼ਾਹ ਦੇ ਨਾਲ ਉਨ੍ਹਾਂ ਦੇ ਗੀਤਾਂ 'ਤੇ ਨੱਚਦੇ ਨਜ਼ਰੀ ਪੈ ਰਹੇ ਹਨ। ਵੀਡੀਓ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਅਤੇ ਬਾਦਸ਼ਾਹ ਨੂੰ 'ਚੰਨ ਮੇਰੀ ਰੰਗ ਦੇ ਲਲਾਰੀਆਂ' ਅਤੇ 'ਤੌਬਾ ਤੌਬਾ' ਗਾਉਂਦੇ ਹੋਏ ਸੁਣਿਆ ਜਾ ਸਕਦਾ ਹੈ।
ਉਲੇਖਯੋਗ ਹੈ ਕਿ ਵੀਡੀਓ ਵਿੱਚ ਵਿੱਕੀ ਕੌਸ਼ਲ, ਸਾਰਾ ਅਲੀ ਖਾਨ, ਅਰਜੁਨ ਕਪੂਰ, ਮਾਨੁਸ਼ੀ ਛਿੱਲਰ, ਅਨੰਨਿਆ ਪਾਂਡੇ, ਓਰੀ ਸਮੇਤ ਹੋਰ ਸਿਤਾਰਿਆਂ ਦੇ ਨਾਲ ਲਾੜਾ-ਲਾੜੀ ਨੱਚਦੇ ਹੋਏ ਦੇਖੇ ਜਾ ਸਕਦੇ ਹਨ। ਸਾਰਾ ਅਲੀ ਖਾਨ ਗਾਇਕ ਕਰਨ ਔਜਲਾ ਨੂੰ ਨਿੱਘੀ ਜੱਫੀ ਵੀ ਦਿੰਦੀ ਨਜ਼ਰੀ ਪੈ ਰਹੀ ਹੈ।
ਇਸ ਸਮਾਗਮ ਵਿੱਚ ਸਲਮਾਨ ਖਾਨ, ਰਣਵੀਰ ਸਿੰਘ, ਵਿੱਕੀ ਕੌਸ਼ਲ, ਆਲੀਆ ਭੱਟ ਅਤੇ ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੇ ਗ੍ਰੈਂਡ ਥੀਏਟਰ ਵਿੱਚ ਆਯੋਜਿਤ ਸਮਾਰੋਹ ਵਿੱਚ ਭਾਰਤੀ ਸਿਤਾਰਿਆਂ ਦਾ ਹੜ੍ਹ ਆਇਆ ਹੋਇਆ ਸੀ, ਰਾਜਨੀਤੀ ਅਤੇ ਖੇਡ ਜਗਤ ਦੇ ਸਿਤਾਰੇ ਵੀ ਇਸ ਵਿੱਚ ਸ਼ਾਮਿਲ ਸਨ।
ਅਨੰਤ ਅਤੇ ਰਾਧਿਕਾ ਦਾ ਵਿਆਹ 12 ਜੁਲਾਈ 2024 ਨੂੰ ਮੁੰਬਈ ਦੇ ਜੀਓ ਵਰਲਡ ਸੈਂਟਰ ਵਿੱਚ ਤੈਅ ਕੀਤਾ ਗਿਆ ਹੈ। ਜਿੱਥੇ ਹਾਜ਼ਰ ਲੋਕਾਂ ਨੂੰ ਰਸਮੀ ਭਾਰਤੀ ਪਹਿਰਾਵੇ ਵਿੱਚ ਰੌਣਕਾਂ ਲਾਉਣ ਲਈ ਕਿਹਾ ਗਿਆ ਹੈ।