ਚੰਡੀਗੜ੍ਹ:ਪੰਜਾਬੀ ਸਿਨੇਮਾ ਦੀ ਇੱਕ ਹੋਰ ਕਾਮੇਡੀ ਡਰਾਮਾ ਫਿਲਮ 'ਬਾਪੂ ਨੀ ਮੰਨਦਾ ਮੇਰਾ' ਰਿਲੀਜ਼ ਲਈ ਤਿਆਰ ਹੈ, ਜਿਸ ਵਿੱਚ ਪਾਲੀਵੁੱਡ ਦੇ ਕਾਮੇਡੀ ਕਿੰਗ ਮੰਨੇ ਜਾਂਦੇ ਕਰਮਜੀਤ ਅਨਮੋਲ ਲੀਡ ਰੋਲ ਨਿਭਾਉਂਦੇ ਨਜ਼ਰੀ ਆਉਣਗੇ। 'ਯੰਗਰ ਡ੍ਰੀਮ ਵਰਲਡ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ਐਮਜੀ ਨੈੱਟਵਰਕ ਅਤੇ ਆਨ ਪ੍ਰੋਡੋਕਸ਼ਨ ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਨਵ ਨਿਰਦੇਸ਼ਕ ਹਰਪ੍ਰੀਤ ਬਟਾਲਾ ਵੱਲੋਂ ਕੀਤਾ ਗਿਆ ਹੈ, ਜੋ ਇਸ ਦਿਲਚਸਪ ਹਾਸਰਸ ਫਿਲਮ ਨਾਲ ਬਤੌਰ ਨਿਰਦੇਸ਼ਕ ਪਾਲੀਵੁੱਡ 'ਚ ਅਪਣੀ ਪ੍ਰਭਾਵੀ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।
ਪੰਜਾਬੀ ਕਮੇਡੀ ਫਿਲਮਾਂ ਨੂੰ ਨਵੇਂ ਰੰਗ ਦੇਣ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਨਰੇਸ਼ ਸਿੰਗਲਾ ਅਤੇ ਸਹਿ ਨਿਰਮਾਤਾ ਮਾਨਵ ਗੁਪਤਾ, ਨੀਰਜ ਸ਼ਰਮਾ ਅਤੇ ਸ਼ਰੋਗਸ਼ ਓਵਰਸੀਅਰ ਪ੍ਰਾਈਵੇਟ ਲਿਮਿ. ਹਨ, ਜਿੰਨ੍ਹਾਂ ਦੀ ਨਿਰਮਾਣ ਟੀਮ ਅਨੁਸਾਰ ਬਿੱਗ ਸੈੱਟਅਪ ਅਤੇ ਤਕਨੀਕੀ ਪੱਖੋਂ ਆਹਲਾ ਸਿਨੇਮਾ ਮਾਪਦੰਡਾਂ ਅਧੀਨ ਬਣਾਈ ਗਈ ਇਸ ਫਿਲਮ ਦੀ ਕਹਾਣੀ ਅਤੇ ਹੋਰਨਾਂ ਪੱਖਾਂ ਨੂੰ ਕਾਫ਼ੀ ਨਿਵੇਕਲਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਮੀਦ ਹੈ ਕਿ ਇਹ ਫਿਲਮ ਹਰ ਵਰਗ ਦਰਸ਼ਕਾਂ ਦਾ ਦਿਲ ਜਿੱਤ ਲੈਣ ਵਿੱਚ ਸਫ਼ਲ ਰਹੇਗੀ।