ਚੰਡੀਗੜ੍ਹ: ਹਿੰਦੀ ਸਿਨੇਮਾ ਐਕਟਰਜ਼ ਦੀ ਪਾਲੀਵੁੱਡ 'ਚ ਹੋ ਰਹੀ ਆਮਦ ਦਾ ਸਿਲਸਿਲਾ ਲਗਾਤਾਰ ਹੋਰ ਜ਼ੋਰ ਫੜਦਾ ਜਾ ਰਿਹਾ ਹੈ, ਜਿਸ ਦੀ ਹੀ ਕੜੀ ਵਜੋਂ ਹੀ ਹੁਣ ਪੰਜਾਬੀ ਸਿਨੇਮਾ ਦਾ ਹਿੱਸਾ ਬਣਨ ਜਾ ਰਹੇ ਹਨ ਮਸ਼ਹੂਰ ਕਾਮੇਡੀਅਨ ਜੌਨੀ ਲੀਵਰ, ਜੋ ਨਿਰਮਾਣ ਅਧੀਨ ਪੰਜਾਬੀ ਫਿਲਮ 'ਟਰੈਵਲ ਏਜੰਟ' ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ।
'ਗੋਬਿੰਦ ਫਿਲਮਜ਼ ਕ੍ਰਿਏਸ਼ਨ ਪ੍ਰਾਈਵੇਟ ਲਿਮਟਿਡ' ਦੇ ਬੈਨਰ ਅਤੇ 'ਯੂਬੀਐਸ ਪ੍ਰੋਡੋਕਸ਼ਨਜ਼' ਦੀ ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਸਤਵਿੰਦਰ ਸਿੰਘ ਮਠਾਰੂ ਕਰ ਰਹੇ ਹਨ, ਜਦਕਿ ਨਿਰਦੇਸ਼ਨ ਵਾਂਗਡੋਰ ਬਲਜਿੰਦਰ ਸਿੰਘ ਸਿੱਧੂ ਸੰਭਾਲਣਗੇ, ਜੋ ਇਸ ਤੋਂ ਪਹਿਲਾਂ 'ਅੱਜ ਦੇ ਲਫੰਗੇ' ਸਮੇਤ ਕਈ ਚਰਚਿਤ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਮੁੰਬਈ ਵਿਖੇ ਬੀਤੇ ਦਿਨੀਂ ਸੰਪੰਨ ਹੋਏ ਮਹੂਰਤ ਉਪਰੰਤ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਇਸ ਫਿਲਮ ਦੁਆਰਾ ਬਾਲੀਵੁੱਡ ਦੇ ਨਾਮਵਰ ਐਕਸ਼ਨ ਮੋਹਨ ਬੱਗੜ ਦਾ ਹੋਣਹਾਰ ਬੇਟਾ ਸੋਨੂੰ ਬੱਗੜ ਪੰਜਾਬੀ ਸਿਨੇਮਾ 'ਚ ਸ਼ਾਨਦਾਰ ਡੈਬਿਊ ਕਰਨ ਜਾ ਰਿਹਾ ਹੈ, ਜਿਸ ਨਾਲ ਪ੍ਰਭ ਗਰੇਵਾਲ, ਪੂਨਮ ਸੂਦ, ਗੁੱਗੂ ਗਿੱਲ, ਵਿਜੇ ਟੰਡਨ, ਸ਼ਵਿੰਦਰ ਮਾਹਲ, ਵਿਕਟਰ ਜੌਹਨ, ਰਣਜੀਤ ਰਿਆਜ਼, ਰੋਜ਼ ਜੇ ਕੌਰ ਵੀ ਮਹੱਤਵਪੂਰਨ ਅਤੇ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ।