ਚੰਡੀਗੜ੍ਹ: ਟੈਲੀਵਿਜ਼ਨ ਦੀ ਦੁਨੀਆਂ ਵਿੱਚ ਬਤੌਰ ਸਟੈਂਡ-ਅੱਪ ਕਾਮੇਡੀਅਨ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਜਸਵੰਤ ਸਿੰਘ ਰਾਠੌਰ, ਜੋ ਹੁਣ ਸਿਨੇਮਾ ਦੇ ਖੇਤਰ ਵਿੱਚ ਵੀ ਮਜ਼ਬੂਤ ਪੈੜ੍ਹਾਂ ਸਿਰਜਦੇ ਜਾ ਰਹੇ ਹਨ, ਜਿੰਨ੍ਹਾਂ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸ ਦਾਇਰੇ ਦਾ ਹੀ ਭਲੀਭਾਂਤ ਇਜ਼ਹਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ, ਰਿਲੀਜ਼ ਹੋਈ ਬਹੁ-ਚਰਚਿਤ ਹਿੰਦੀ ਫਿਲਮ 'ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ', ਜਿਸ ਵਿੱਚ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਚੁਫੇਂਰਿਓ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਬਾਲੀਵੁੱਡ ਦੇ ਮਸ਼ਹੂਰ ਲੇਖਕ ਰਾਜ ਸ਼ਾਂਡਿਲਿਆ ਦੁਆਰਾ ਨਿਰਦੇਸ਼ਿਤ ਕੀਤੀ ਗਈ ਉਕਤ ਕਾਮੇਡੀ ਡਰਾਮਾ ਫਿਲਮ ਦਾ ਨਿਰਮਾਣ 'ਬਾਲਾਜੀ ਟੈਲੀਫਿਲਮਜ਼ ਅਤੇ ਟੀ-ਸੀਰੀਜ਼' ਦੁਆਰਾ ਕੀਤਾ ਗਿਆ ਹੈ। ਦੁਨੀਆਭਰ 'ਚ ਚੰਗਾ ਪ੍ਰਦਰਸ਼ਨ ਕਰ ਰਹੀ ਇਸ ਫਿਲਮ ਵਿੱਚ ਰਾਜਕੁਮਾਰ ਰਾਓ ਅਤੇ ਤ੍ਰਿਪਤੀ ਡਿਮਰੀ ਤੋਂ ਮਲਿਕਾ ਸ਼ੇਰਾਵਤ, ਵਿਜੇ ਰਾਜ਼, ਟਿਕੂ ਤਲਸਾਨੀਆ ਅਤੇ ਅਰਚਨਾ ਪੂਰਨ ਸਿੰਘ ਵੀ ਲੀਡਿੰਗ ਕਿਰਦਾਰ ਅਦਾ ਕੀਤੇ ਗਏ ਹਨ।
ਓਧਰ ਫਿਲਮ ਵਿੱਚ ਨਿਭਾਏ ਪ੍ਰਭਾਵੀ ਰੋਲ ਨਾਲ ਚੌਖੀ ਪ੍ਰਸ਼ੰਸਾ ਹਾਸਿਲ ਕਰ ਰਹੇ ਹਨ ਅਦਾਕਾਰ ਜਸਵੰਤ ਸਿੰਘ ਰਾਠੌਰ, ਜਿਸ ਨਾਲ ਇੰਨੀਂ ਦਿਨੀਂ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਇਹ ਬਾਕਮਾਲ ਅਦਾਕਾਰ, ਜੋ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੱਡੀਆਂ ਫਿਲਮਾਂ ਵਿੱਚ ਵੀ ਅਪਣੀ ਉਪ-ਸਥਿਤੀ ਦਰਜ ਕਰਵਾਉਣ ਜਾ ਰਹੇ ਹਨ।