Jaswant Singh Khalra Wife Paramjit Kaur Khalra: ਮਰਹੂਮ ਸਿੱਖ ਸ਼ਖਸ਼ੀਅਤ ਅਤੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ਉਪਰ ਆਧਾਰਿਤ ਫਿਲਮ 'ਪੰਜਾਬ 95' ਲਗਾਤਾਰ ਵਿਵਾਦਾਂ ਦਾ ਕੇਂਦਰਬਿੰਦੂ ਬਣ ਰਹੀ ਹੈ, ਜਿਸ ਸੰਬੰਧਤ ਜਾਰੀ ਕੀਤੇ ਗਏ ਕੱਟ ਨਿਰਦੇਸ਼ਾਂ ਦੇ ਵਿਰੋਧ ਵਿੱਚ ਹੁਣ ਬੀਬੀ ਪਰਮਜੀਤ ਕੌਰ ਖਾਲੜਾ ਅੱਗੇ ਆਏ ਹਨ, ਜਿੰਨ੍ਹਾਂ ਨੇ ਫਿਲਮ ਦੇ ਹੱਕ ਵਿੱਚ ਅਪਣੀ ਅਵਾਜ਼ ਬੁੰਦ ਕਰਦਿਆਂ ਅਪਣਾਈ ਗਈ ਪ੍ਰਕਿਰਿਆ ਨੂੰ ਨਾਂਹਪੱਖੀ ਆਖਦਿਆਂ (ਸੀਬੀਐਫਸੀ) ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਇਸ ਸੰਬੰਧੀ ਅਪਣੀ ਰਾਏ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਪਤੀ ਦੇ ਜੀਵਨ 'ਤੇ ਆਧਾਰਿਤ ਬਾਇਓਪਿਕ 'ਪੰਜਾਬ 95' ਸੰਬੰਧੀ 120 ਕੱਟ ਲਗਾਏ ਜਾਣ ਦੇ ਜਾਰੀ ਕੀਤੇ ਹੁਕਮ ਤੋਂ ਕਾਫ਼ੀ ਦੁਖੀ ਹੋਏ ਹਨ, ਕਿਉਂਕਿ ਇਹ ਫਿਲਮ ਹੀ ਇੱਕ ਆਖ਼ਰੀ ਜ਼ਰੀਆ ਸੀ, ਜੋ ਉਨ੍ਹਾਂ ਦੇ ਪਰਿਵਾਰ ਨਾਲ ਵਾਪਰੀ ਤ੍ਰਾਸਦੀ ਅਤੇ ਇਸ ਪਿੱਛੇ ਛਿਪੇ ਕਾਰਨਾਂ ਨੂੰ ਦੁਨੀਆਂ ਵਿੱਚ ਅਸਲ ਰੂਪ ਵਿੱਚ ਸਾਹਮਣੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਉਨ੍ਹਾਂ ਅਪਣੇ ਮਨ ਦੇ ਵਲਵਲੇ ਜ਼ਾਹਿਰ ਕਰਦਿਆਂ ਅੱਗੇ ਕਿਹਾ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਦੁਆਰਾ ਫਿਲਮ ਦੇ ਮੁੱਖ ਸਾਰ ਨੂੰ ਕੱਟਸ ਦੇ ਰੂਪ ਵਿੱਚ ਬਦਲਣ ਦਾ ਸੀ ਫੈਸਲਾ ਉਨ੍ਹਾਂ ਦੇ ਲਈ ਡੂੰਘੀ ਨਿਰਾਸ਼ਾ ਵਾਲਾ ਹੈ, ਜੋ ਕਿ ਉਨ੍ਹਾਂ ਦੇ ਪਤੀ ਦੀ ਮਨੁੱਖੀ ਸੇਵਾ ਭਾਵਨਾ ਅਤੇ ਪੰਜਾਬ ਦੇ ਸਿੱਖ ਇਤਿਹਾਸ ਦੋਵਾਂ ਦਾ ਅਪਮਾਨ ਹੈ।
ਪਰਮਜੀਤ ਕੌਰ ਖਾਲੜਾ ਨੇ ਖੁਲਾਸਾ ਕੀਤਾ ਕਿ ਤਿੰਨ ਸਾਲ ਪਹਿਲਾਂ ਉਨ੍ਹਾਂ ਦੇ ਪੂਰੇ ਪਰਿਵਾਰ ਨੇ ਫਿਲਮ ਦੀ ਸਕ੍ਰਿਪਟ ਨੂੰ ਆਪਣੀਆਂ ਅੱਖਾਂ ਨਾਲ ਵਾਚਿਆ ਸੀ ਅਤੇ ਉਪਰੰਤ ਹੀ ਉਨ੍ਹਾਂ ਨਿਰਦੇਸ਼ਕ ਹਨੀ ਤ੍ਰੇਹਨ ਨੂੰ ਫਿਲਮ ਬਣਾਉਣ ਦੀ ਇਜਾਜ਼ਤ ਦਿੱਤੀ ਸੀ, ਜਿਸ ਵਿੱਚ ਅਦਾਕਾਰ ਦਿਲਜੀਤ ਦੁਸਾਂਝ ਨੇ ਵੀ ਉਨ੍ਹਾਂ ਦੇ ਪਤੀ ਸਵ. ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਪੂਰੀ ਇਮਾਨਦਾਰੀ ਅਤੇ ਜੀਅ ਜਾਨ ਨਾਲ ਨਿਭਾਇਆ ਹੈ।