ਮੁੰਬਈ: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਦਿਲ ਲੂਮੀਨਾਟੀ ਟੂਰ ਤਹਿਤ 19 ਦਸੰਬਰ ਨੂੰ ਮੁੰਬਈ ਵਿੱਚ ਕੰਸਰਟ ਕੀਤਾ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗਾਇਕ ਨੇ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ। ਇਸੇ ਤਰ੍ਹਾਂ ਹੁਣ ਦਿਲਜੀਤ ਦਾ ਕੰਸਰਟ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ 'ਚ ਉਹ ਆਪਣੇ ਕੰਸਰਟ ਲਈ ਜਾਰੀ ਐਡਵਾਈਜ਼ਰੀ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ।
ਸ਼ੋਅ ਦੌਰਾਨ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਇੱਕ ਜ਼ਬਰਦਸਤ ਸੰਦੇਸ਼ ਦਿੱਤਾ, ਜੀ ਹਾਂ...ਇੰਸਟਾਗ੍ਰਾਮ 'ਤੇ ਇੱਕ ਫੈਨ ਪੇਜ ਨੇ ਮੁੰਬਈ ਕੰਸਰਟ ਤੋਂ ਦਿਲਜੀਤ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ 'ਚ ਉਹ ਕਹਿੰਦੇ ਹਨ, 'ਕੱਲ੍ਹ ਮੈਂ ਆਪਣੀ ਟੀਮ ਨੂੰ ਪੁੱਛਿਆ ਕਿ ਕੀ ਮੇਰੇ ਖਿਲਾਫ਼ ਕੋਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਮੇਰੀ ਟੀਮ ਨੇ ਕਿਹਾ ਕਿ ਅਜੇ ਇਸ ਤਰ੍ਹਾਂ ਦਾ ਕੁੱਝ ਨਹੀਂ ਹੈ। ਅੱਜ ਸਵੇਰੇ ਜਦੋਂ ਮੈਂ ਜਾਗਿਆ ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਖਿਲਾਫ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਚਿੰਤਾ ਨਾ ਕਰੋ, ਸਾਰੀ ਐਡਵਾਈਜ਼ਰੀ ਮੇਰੇ ਖਿਲਾਫ਼ ਹੈ, ਤੁਸੀਂ ਇੱਥੇ ਮੌਜ-ਮਸਤੀ ਕਰਨ ਲਈ ਆਏ ਹੋ, ਮੈਂ ਤੁਹਾਡੀ ਮਸਤੀ ਦੁੱਗਣੀ ਕਰ ਦਿਆਂਗਾ।'
ਇਸ ਤੋਂ ਬਾਅਦ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਦਿਲਜੀਤ ਦੁਸਾਂਝ ਨੇ ਕਿਹਾ, 'ਅੱਜ ਸਵੇਰੇ ਜਦੋਂ ਮੈਂ ਯੋਗਾ ਕਰ ਰਿਹਾ ਸੀ ਤਾਂ ਮੇਰੇ ਦਿਮਾਗ 'ਚ ਬਹੁਤ ਵਧੀਆ ਵਿਚਾਰ ਆਇਆ। ਮੈਂ ਸੋਚਿਆਂ ਮੈਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਉਸ ਨਾਲ ਕਰਾਂਗਾ। ਜਦੋਂ ਸਾਗਰ ਮੰਥਨ ਹੋਇਆ ਸੀ, ਤਾਂ ਜੋ ਅੰਮ੍ਰਿਤ ਸੀ ਉਹ ਸਾਰਾ ਦੇਵਤਿਆਂ ਨੇ ਪੀ ਲਿਆ ਸੀ ਪਰ ਜੋ ਜ਼ਹਿਰ ਸੀ ਉਹ ਸ਼ਿਵ ਨੇ ਪੀਤਾ ਸੀ। ਸ਼ਿਵ ਜੀ ਉਹ ਜ਼ਹਿਰ ਆਪਣੇ ਅੰਦਰ ਨਹੀਂ ਲੈ ਕੇ ਗਏ, ਉਨ੍ਹਾਂ ਨੇ ਜ਼ਹਿਰ ਆਪਣੇ ਗਲੇ ਤੱਕ ਰੱਖਿਆ। ਇਸ ਲਈ ਉਨ੍ਹਾਂ ਨੂੰ ਨੀਲਕੰਠ ਕਿਹਾ ਜਾਂਦਾ ਹੈ। ਮੈਂ ਤਾਂ ਇਹੀ ਸਿੱਖਿਆ ਹੈ ਕਿ ਜ਼ਿੰਦਗੀ ਵਿੱਚ ਕੋਈ ਤੁਹਾਡੇ 'ਤੇ ਕਿੰਨਾ ਵੀ ਜ਼ਹਿਰ ਸੁੱਟ ਦੇਵੇ ਉਸ ਨੂੰ ਕਦੇ ਵੀ ਆਪਣੇ ਅੰਦਰ ਨਾ ਜਾਣ ਦਿਓ। ਇਹੀ ਮੈਂ ਸਿੱਖਿਆ ਹੈ। ਆਪਣੇ ਕੰਮ ਉਤੇ ਕਦੇ ਅਸਰ ਨਾ ਹੋਣ ਦਿਓ। ਲੋਕ ਤੁਹਾਨੂੰ ਰੋਕਣਗੇ, ਤੁਹਾਨੂੰ ਧੱਕਾ ਦੇਣਗੇ। ਆਪਣੇ ਆਪ ਨੂੰ ਕਦੇ ਵੀ ਅੰਦਰੂਨੀ ਤੌਰ 'ਤੇ ਪਰੇਸ਼ਾਨ ਨਾ ਹੋਣ ਦਿਓ। ਮਜ਼ੇ ਕਰੋ।'
ਕਦੋਂ ਹੋਵੇਗਾ ਅਗਲਾ ਕੰਸਰਟ
ਦਿਲਜੀਤ ਦੁਸਾਂਝ ਦਾ ਦਿਲ ਲੂਮੀਨਾਟੀ ਟੂਰ ਵੱਖ-ਵੱਖ ਸ਼ਹਿਰਾਂ ਵਿੱਚ ਹੋ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸ਼ੋਅ ਚੰਡੀਗੜ੍ਹ 'ਚ ਹੋਇਆ ਸੀ। ਇਸ ਸ਼ੋਅ 'ਚ ਬਹੁਤ ਜਿਆਦਾ ਮਾਤਰਾ ਵਿੱਚ ਪ੍ਰਸ਼ੰਸਕ ਆਏ ਸਨ। ਹੁਣ ਉਨ੍ਹਾਂ ਦਾ ਅਗਲਾ ਸ਼ੋਅ ਗੁਹਾਟੀ 'ਚ ਹੋਵੇਗਾ। ਦਿਲਜੀਤ ਦੁਸਾਂਝ ਦਿਲ ਲੂਮੀਨਾਟੀ ਟੂਰ ਦੌਰਾਨ ਛੁੱਟੀਆਂ ਦਾ ਆਨੰਦ ਲੈਣ ਕਸ਼ਮੀਰ ਗਏ ਸਨ। ਉਨ੍ਹਾਂ ਨੇ ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਸਭ ਦੇ ਨਾਲ ਗਾਇਕ ਆਪਣੀਆਂ ਕਈ ਫਿਲਮਾਂ ਕਾਰਨ ਵੀ ਕਾਫੀ ਚਰਚਾ ਬਟੋਰ ਰਹੇ ਹਨ।
ਇਹ ਵੀ ਪੜ੍ਹੋ: