ਚੰਡੀਗੜ੍ਹ:ਹਾਲ ਹੀ ਵਿੱਚ ਰਿਲੀਜ਼ ਹੋਏ ਅਪਣੇ ਗਾਣੇ 'ਫਲਾਈ ਕਰਕੇ' ਨਾਲ ਸੰਗੀਤਕ ਗਲਿਆਰਿਆਂ ਵਿੱਚ ਸਨਸਨੀ ਬਣ ਉਭਰ ਰਹੀ ਹੈ ਨੌਜਵਾਨ ਅਤੇ ਚਰਚਿਤ ਗਾਇਕਾ ਜੈਸਮੀਨ ਅਖ਼ਤਰ, ਜੋ ਅਪਣਾ ਨਵਾਂ ਗਾਣਾ 'ਕੋਕਾ' ਲੈ ਕੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿਸ ਦੀ ਸੁਰੀਲੀ ਅਵਾਜ਼ ਵਿੱਚ ਸੱਜਿਆ ਇਹ ਗੀਤ ਕੱਲ੍ਹ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਵੇਗਾ।
'ਜੱਸ ਰਿਕਾਰਡਸ' ਅਤੇ 'ਜਸਵੀਰਪਾਲ ਸਿੰਘ' ਵੱਲੋਂ ਸੰਗੀਤਕ ਮਾਰਕੀਟ ਵਿੱਚ ਵੱਡੇ ਪੱਧਰ ਉਪਰ ਪੇਸ਼ ਕੀਤੇ ਜਾ ਰਹੇ ਉਕਤ ਦੋਗਾਣਾ ਟ੍ਰੈਕ ਨੂੰ ਅਵਾਜ਼ਾਂ ਜੈਸਮੀਨ ਅਖ਼ਤਰ ਅਤੇ ਅਮਰ ਸੈਂਬੀ ਨੇ ਦਿੱਤੀਆਂ ਹਨ ਜਦਕਿ ਇਸ ਦਾ ਸੰਗੀਤ ਬਲੈਕ ਵਾਇਰਸ ਦੁਆਰਾ ਤਿਆਰ ਕੀਤਾ ਗਿਆ ਹੈ।
ਪ੍ਰੇਮ-ਸਨੇਹ ਭਰੇ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੇ ਇਸ ਦੋਗਾਣਾ ਗੀਤ ਦੇ ਬੋਲ ਗੁਰਜੀਤ ਗਿੱਲ ਨੇ ਲਿਖੇ ਹਨ, ਜਿੰਨ੍ਹਾਂ ਦੀ ਖੂਬਸੂਰਤ ਕਲਮਬੱਧਤਾ ਦਾ ਇਜ਼ਹਾਰ ਕਰਵਾਉਂਦੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਬਲੀ ਸਿੰਘ ਦੁਆਰਾ ਕੀਤਾ ਗਿਆ ਹੈ।