ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਸੰਗਰਾਂਦ' ਦਾ ਬਤੌਰ ਨਿਰਦੇਸ਼ਕ ਅਤੇ ਅਦਾਕਾਰ ਪ੍ਰਭਾਵੀ ਹਿੱਸਾ ਰਹੇ ਹਨ ਇੰਦਰਪਾਲ ਸਿੰਘ ਅਤੇ ਗੈਵੀ ਚਾਹਲ, ਜੋ ਆਪਣੇ ਇੱਕ ਹੋਰ ਅਤੇ ਨਵੇਂ ਸਿਨੇਮਾ ਪ੍ਰੋਜੈਕਟ ਲਈ ਮੁੜ ਇਕੱਠੇ ਹੋਏ ਹਨ, ਜਿਸ ਦਾ ਰਸਮੀ ਐਲਾਨ ਉਨ੍ਹਾਂ ਵੱਲੋਂ ਜਲਦ ਹੀ ਕੀਤਾ ਜਾਵੇਗਾ।
ਅਰਥ ਭਰਪੂਰ ਵਿਸ਼ੇ-ਸਾਰ ਸਾਹਮਣੇ ਲਿਆਂਦੀ ਗਈ ਉਕਤ ਫਿਲਮ ਨੂੰ ਬਿਹਤਰੀਨ ਸੈਟਅੱਪ ਅਧੀਨ ਬਣਾਇਆ ਗਿਆ ਸੀ, ਜੋ ਟਿਕਟ ਖਿੜਕੀ ਉਤੇ ਹਾਲਾਂਕਿ ਆਸ ਅਨੁਸਾਰ ਸਫਲਤਾ ਹਾਸਿਲ ਨਹੀਂ ਕਰ ਪਾਈ, ਪਰ ਦੇਸ-ਵਿਦੇਸ਼ ਦੇ ਸਿਨੇਮਾ ਗਲਿਆਰਿਆਂ ਵਿੱਚ ਚੋਖੀ ਚਰਚਾ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਪੂਰੀ ਤਰ੍ਹਾਂ ਸਫਲ ਰਹੀ ਹੈ, ਜਿਸ ਨਾਲ ਉਤਸ਼ਾਹਿਤ ਹੋਈ ਇਹ ਨਿਰਦੇਸ਼ਕ ਅਤੇ ਅਦਾਕਾਰੀ ਇੱਕ ਵਾਰ ਫਿਰ ਨਿਵੇਕਲਾ ਸਿਨੇਮਾ ਉੱਦਮ ਕਰਨ ਲਈ ਯਤਨਸ਼ੀਲ ਹੋ ਚੁੱਕੀ ਹੈ।
ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਨਿਰਦੇਸ਼ਕਾਂ ਅਤੇ ਅਦਾਕਾਰਾਂ ਵਿੱਚ ਸ਼ੁਮਾਰ ਕਰਵਾਉਂਦੇ ਇੰਦਰਪਾਲ ਸਿੰਘ ਅਤੇ ਗੈਵੀ ਚਾਹਲ ਦੀ ਇਸ ਗੱਲ ਵੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਉਹ ਲੀਕ ਤੋਂ ਹੱਟਵੇਂ ਸਿਨੇਮਾ ਪ੍ਰੋਜੈਕਟਸ ਕਰਨ ਨੂੰ ਹਮੇਸ਼ਾ ਤਵੱਜੋ ਦਿੰਦੇ ਨਜ਼ਰ ਆਉਂਦੇ ਹਨ, ਜਿਸ ਦਾ ਇਜ਼ਹਾਰ ਇੰਨ੍ਹਾਂ ਦੋਹਾਂ ਵੱਲੋਂ ਕੀਤੀਆਂ ਬੇਸ਼ੁਮਾਰ ਫਿਲਮਾਂ ਭਲੀਭਾਂਤ ਕਰਵਾ ਚੁੱਕੀਆਂ ਹਨ, ਜਿੰਨ੍ਹਾਂ ਵਿੱਚ ਸਮਾਜਿਕ ਸਰੋਕਾਰਾਂ, ਆਪਸੀ ਸਾਂਝਾ ਨੂੰ ਉਭਾਰਨ ਦੇ ਨਾਲ-ਨਾਲ ਪੁਰਾਤਨ ਪੰਜਾਬ ਦੀਆਂ ਅਸਲ ਵੰਨਗੀਆਂ ਨੂੰ ਸਹੇਜਣ ਦੀ ਵੀ ਪੁਰਜ਼ੋਰ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਚੰਗੇਰੀਆਂ ਅਤੇ ਮਿਆਰੀ ਫਿਲਮਾਂ ਵੇਖਣ ਦੀ ਤਾਂਘ ਰੱਖਦੇ ਸਿਨੇਮਾ ਪ੍ਰੇਮੀਆਂ ਵੱਲੋਂ ਇੰਨ੍ਹਾਂ ਦੀਆਂ ਸਾਰਥਿਕ ਫਿਲਮਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਓਧਰ ਜੇਕਰ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਬਤੌਰ ਲੇਖਕ ਵੀ ਕਈ ਉਮਦਾ ਫਿਲਮਾਂ ਦਾ ਹਿੱਸਾ ਬਣੇ ਨਜ਼ਰ ਆ ਰਹੇ ਹਨ ਲੇਖਕ ਇੰਦਰਪਾਲ ਸਿੰਘ, ਜਿੰਨ੍ਹਾਂ ਦੀ ਲਿਖੀ ਬਿੱਗ ਸੈਟਅੱਪ ਅਤੇ ਨਵਾਜ਼ੂਦੀਨ ਸਟਾਰਰ 'ਨੂਰਾਨੀ ਚਿਹਰਾ' ਜਲਦ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਨਿਰਮਾਣ 'ਪਨੋਰਮਾ ਸਟੂਡੀਓਜ਼', ਜਦਕਿ ਨਿਰਦੇਸ਼ਨ ਨਵਨੀਅਤ ਸਿੰਘ ਵੱਲੋਂ ਕੀਤਾ ਗਿਆ ਹੈ।
ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਵਿੱਚ ਵੀ ਪ੍ਰਭਾਵੀ ਆਮਦ ਦਾ ਇਜ਼ਹਾਰ ਕਰਵਾਉਣ ਜਾ ਰਹੇ ਇਸ ਪ੍ਰਤਿਭਾਵਾਨ ਲੇਖਕ ਵੱਲੋਂ ਲਿਖੀਆਂ ਕੁਝ ਵੱਡੀਆਂ ਪੰਜਾਬੀ ਫਿਲਮਾਂ ਵੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਲਈ ਤਿਆਰ ਹਨ, ਜਿੰਨ੍ਹਾਂ ਵਿੱਚ ਗਿੱਪੀ ਗਰੇਵਾਲ ਦੀ 'ਸਿੰਘ ਵਰਸਿਜ਼ ਕੌਰ 2' ਵੀ ਸ਼ੁਮਾਰ ਹੈ।