ਮੁੰਬਈ (ਬਿਊਰੋ):ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਫਾਈਰਿੰਗ ਦੇ ਮਾਮਲੇ 'ਤੇ ਉਨ੍ਹਾਂ ਦੀ ਐਕਸ ਗਰਲਫ੍ਰੈਂਡ ਸੋਮੀ ਅਲੀ ਨੇ ਹਾਲ ਹੀ 'ਚ ਬਿਸ਼ਨੋਈ ਭਾਈਚਾਰੇ ਤੋਂ ਖਾਨ ਨੂੰ ਮੁਆਫ ਕਰਨ ਦੀ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ ਆਲ ਇੰਡੀਆ ਬਿਸ਼ਨੋਈ ਸਮਾਜ ਦੇ ਪ੍ਰਧਾਨ ਦੇਵੇਂਦਰ ਬੁਡੀਆ ਨੇ ਸੋਮਵਾਰ ਨੂੰ ਕਿਹਾ, 'ਜੇਕਰ ਸਲਮਾਨ ਖਾਨ ਨਿੱਜੀ ਤੌਰ 'ਤੇ ਮੁਆਫੀ ਮੰਗਦੇ ਹਨ ਤਾਂ ਸਮਾਜ ਇਸ ਮਾਮਲੇ 'ਤੇ ਵਿਚਾਰ ਕਰੇਗਾ ਅਤੇ ਉਨ੍ਹਾਂ ਨੂੰ ਮੁਆਫ ਵੀ ਕਰ ਸਕਦਾ ਹੈ।'
ਸਲਮਾਨ ਦੀ ਐਕਸ ਗਰਲਫ੍ਰੈਂਡ ਨੇ ਕੀਤੀ ਅਪੀਲ: ਦੋ ਦਿਨ ਪਹਿਲਾਂ ਸੋਮੀ ਅਲੀ ਨੇ ਸਲਮਾਨ ਖਾਨ ਨੂੰ ਮੁਆਫ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਸੀ, 'ਜੇਕਰ ਉਨ੍ਹਾਂ ਨੇ ਕੋਈ ਗਲਤੀ ਕੀਤੀ ਹੈ, ਤਾਂ ਮੈਂ ਉਨ੍ਹਾਂ ਦੀ ਤਰਫੋਂ ਮੁਆਫੀ ਮੰਗਦੀ ਹਾਂ। ਕਿਸੇ ਦੀ ਜਾਨ ਲੈਣਾ ਮਨਜ਼ੂਰ ਨਹੀਂ ਹੈ, ਚਾਹੇ ਉਹ ਸਲਮਾਨ ਹੋਵੇ ਜਾਂ ਕੋਈ ਆਮ ਆਦਮੀ।'
ਖਬਰਾਂ ਮੁਤਾਬਕ ਹੁਣ ਸੋਮੀ ਅਲੀ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਬਿਸ਼ਨੋਈ ਸਮਾਜ ਦੇ ਮੁਖੀ ਦੇਵੇਂਦਰ ਬੁਡੀਆ ਨੇ ਕਿਹਾ, 'ਜੇਕਰ ਸਲਮਾਨ ਖੁਦ ਮੁਆਫੀ ਮੰਗਦੇ ਹਨ ਤਾਂ ਬਿਸ਼ਨੋਈ ਸਮਾਜ ਮੁਆਫੀ 'ਤੇ ਵਿਚਾਰ ਕਰੇਗਾ। ਗਲਤੀ ਸੋਮੀ ਅਲੀ ਨੇ ਨਹੀਂ ਸਲਮਾਨ ਨੇ ਕੀਤੀ ਹੈ। ਇਸ ਲਈ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ।'
ਉਨ੍ਹਾਂ ਨੇ ਅੱਗੇ ਕਿਹਾ, 'ਉਨ੍ਹਾਂ ਨੂੰ ਮੰਦਰ ਆ ਕੇ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੂੰ ਅੱਗੇ ਲਈ ਇਹ ਸਹੁੰ ਚੁੱਕਣੀ ਚਾਹੀਦੀ ਹੈ ਕਿ ਉਹ ਭਵਿੱਖ ਵਿੱਚ ਕਦੇ ਵੀ ਅਜਿਹੀ ਗਲਤੀ ਨਹੀਂ ਕਰਨਗੇ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਵਾਤਾਵਰਣ ਦੀ ਸੰਭਾਲ ਲਈ ਹਮੇਸ਼ਾ ਕੰਮ ਕਰਨਗੇ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਸਮਾਜ ਉਸ ਨੂੰ ਮਾਫ਼ ਕਰਨ ਦੇ ਫ਼ੈਸਲੇ ਨੂੰ ਸਵੀਕਾਰ ਕਰੇਗਾ।'
ਉਲੇਖਯੋਗ ਹੈ ਕਿ ਸਲਮਾਨ ਖਾਨ 'ਤੇ ਸਤੰਬਰ 1998 'ਚ ਸੂਰਜ ਬੜਜਾਤਿਆ ਦੀ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਜੋਧਪੁਰ ਨੇੜੇ ਮਥਾਨੀਆ ਦੇ ਬਾਵਾੜ 'ਚ ਕਾਲੇ ਹਿਰਨ ਦਾ ਸ਼ਿਕਾਰ ਕਰਨ ਦਾ ਦੋਸ਼ ਹੈ। ਅਕਤੂਬਰ 1998 'ਚ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ਦੇ ਨਾਲ-ਨਾਲ ਅਦਾਕਾਰਾਂ ਤੱਬੂ, ਸੋਨਾਲੀ ਬੇਂਦਰੇ ਅਤੇ ਨੀਲਮ 'ਤੇ ਕਾਲੇ ਹਿਰਨ ਦੇ ਸ਼ਿਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਸਨੂੰ 2018 ਵਿੱਚ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ, ਹਾਲਾਂਕਿ ਉਹ ਇਸ ਸਮੇਂ ਜ਼ਮਾਨਤ 'ਤੇ ਬਾਹਰ ਹੈ।
14 ਅਪ੍ਰੈਲ ਨੂੰ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ 'ਤੇ ਦੋ ਵਿਅਕਤੀਆਂ ਨੇ ਫਾਈਰਿੰਗ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਜੇਲ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਹ ਸਾਜ਼ਿਸ਼ ਰਚੀ ਸੀ।