ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ ਵਿੱਚ ਲੰਬਾ ਸਮਾਂ ਰਾਜ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਹਰਦੇਵ ਮਾਹੀਨੰਗਲ ਅਤੇ ਗੀਤਕਾਰ ਭਿੰਦਰ ਡੱਬਵਾਲੀ, ਜੋ ਇੱਕ ਵਾਰ ਫੇਰ ਅਪਣਾ ਪੁਰਾਣਾ ਸੰਗੀਤਕ ਜਲਵਾ ਦੁਹਰਾਉਣ ਜਾ ਰਹੇ ਹਨ, ਜਿੰਨ੍ਹਾਂ ਦੀ ਵਿਲੱਖਣ ਸੁਮੇਲਤਾ ਭਰੀ ਨਵੀਂ ਪਾਰੀ ਦਾ ਇਜ਼ਹਾਰ ਕਰਵਾ ਰਿਹਾ ਗਾਣਾ 'ਟੋਟੇ ਦਿਲ ਦੇ', ਜੋ ਅੱਜ ਰਿਲੀਜ਼ ਹੋ ਗਿਆ ਹੈ।
'ਅਮਰ ਆਡਿਓ' ਵੱਲੋਂ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਅਵਾਜ਼ ਹਰਦੇਵ ਮਾਹੀਨੰਗਲ ਨੇ ਦਿੱਤੀ ਹੈ, ਜਦਕਿ ਇਸ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਣਾ ਭਿੰਦਰ ਡੱਬਵਾਲੀ ਵੱਲੋਂ ਕੀਤੀ ਗਈ ਹੈ।
ਵਿਛੋੜੇ ਅਤੇ ਦਰਦ ਭਰੇ ਮਨ ਭਾਵਾਂ ਦੀ ਤਰਜ਼ਮਾਨੀ ਕਰਦੇ ਉਕਤ ਦਿਲ ਟੁੰਬਵੇਂ ਗਾਣੇ ਦਾ ਸੰਗੀਤ ਗੁਰੀ ਨਿਮਾਣਾ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਅਨੁਸਾਰ 90 ਵੇਂ ਦਹਾਕਿਆਂ ਦੇ ਪ੍ਰਭਾਵੀ ਅਤੇ ਨਿਵੇਕਲੇ ਸੰਗੀਤਕ ਮਾਹੌਲ ਨੂੰ ਮੁੜ ਸੁਰਜੀਤ ਕਰਨ ਜਾ ਰਿਹਾ ਇਹ ਗਾਣਾ ਹਰਦੇਵ ਮਾਹੀਨੰਗਲ ਵੱਲੋਂ ਜਿੱਥੇ ਬੇਹੱਦ ਖੁੰਬ ਕੇ ਗਾਇਆ ਗਿਆ ਹੈ, ਉੱਥੇ ਭਿੰਦਰ ਡੱਬਵਾਲੀ ਨੇ ਇਸ ਦੀ ਰਚਨਾ ਵੀ ਬਾਕਮਾਲਤਾ ਪੂਰਵਕ ਕੀਤੀ ਹੈ, ਜਿੰਨ੍ਹਾਂ ਦੋਹਾਂ ਦੇ ਪ੍ਰਸ਼ੰਸਕਾਂ ਅਤੇ ਉਸ ਸਮੇਂ ਦੇ ਮਿਊਜ਼ਿਕ ਅਤੇ ਗਾਇਕੀ ਨੂੰ ਪਸੰਦ ਕਰਨ ਵਾਲੇ ਸੰਗੀਤ ਪ੍ਰੇਮੀਆਂ ਲਈ ਵੀ ਇੱਕ ਨਯਾਬ ਤੋਹਫਾ ਰਹੇਗਾ ਇਹ ਗਾਣਾ, ਜੋ ਅੱਜ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਗਿਆ ਹੈ।
ਸੰਗੀਤਕ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾ ਬੰਟੀ ਅਰੋੜਾ, ਹੈਪੀ ਅਰੋੜਾ ਅਤੇ ਵੰਸ਼ ਅਰੋੜਾ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਬਿੱਗ ਸੈਟਅੱਪ ਅਧੀਨ ਫਿਲਮਾਏ ਗਏ ਉਕਤ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਕੈਮਰਾਮੈਨ ਮੁਕੇਸ਼, ਮਾਡਲ ਅਕਸ਼ਿਤਾ ਸ਼ਰਮਾ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਬੇਸ਼ੁਮਾਰ ਸੁਪਰ ਡੁਪਰ ਹਿੱਟ ਗਾਣਿਆਂ ਨੂੰ ਵਜ਼ੂਦ ਦੇ ਚੁੱਕੇ ਗਾਇਕ ਹਰਦੇਵ ਮਾਹੀਨੰਗਲ ਅਤੇ ਗੀਤਕਾਰ ਭਿੰਦਰ ਡੱਬਵਾਲੀ ਦੀ ਸੈਕੰਡ ਸੰਗੀਤਕ ਪਾਰੀ ਅਤੇ ਕਲੋਬਰੇਸ਼ਨ ਨੂੰ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਵਿੱਚ ਵੀ ਭਾਰੀ ਖੁਸ਼ੀ ਅਤੇ ਉਤਸੁਕਤਾ ਪਾਈ ਜਾ ਰਹੀ ਹੈ, ਜਿਸ ਨੂੰ ਵੇਖਦਿਆਂ ਉਕਤ ਦੋਨੋਂ ਹਸਤੀਆਂ ਵੀ ਇੱਕ ਵਾਰ ਫਿਰ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀਆਂ ਹਨ।