ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਵਿਲੱਖਣ ਅਤੇ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਅਦਾਕਾਰ ਹਾਰਬੀ ਸੰਘਾ, ਜੋ ਬਤੌਰ ਗਾਇਕ ਅਪਣਾ ਇੱਕ ਵਿਸ਼ੇਸ਼ ਧਾਰਮਿਕ ਗਾਣਾ 'ਮੇਰੇ ਸ਼ਹਿਨਸ਼ਾਹ' ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਨ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਭਾਵਪੂਰਨ ਰੂਪ ਵਿੱਚ ਗਾਇਆ ਗਿਆ ਇਹ ਗੀਤ ਮਨਾਏ ਜਾ ਰਹੇ ਸ਼ਹਾਦਤ ਦਿਵਸ ਦੀ ਲੜੀ ਦੌਰਾਨ ਹੀ ਰਿਲੀਜ਼ ਕੀਤਾ ਜਾਵੇਗਾ।
'ਹਰਬੀ ਸੰਘਾ ਰਿਕਾਰਡਸ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਧਾਰਮਿਕ ਗਾਣੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਅਤੇ ਮਾਣ ਭਰੇ ਰੋਂਅ 'ਚ ਨਜ਼ਰ ਆ ਰਹੇ ਹਨ ਇਹ ਬਾਕਮਾਲ ਅਦਾਕਾਰ ਅਤੇ ਗਾਇਕ, ਜਿੰਨ੍ਹਾਂ ਇਸੇ ਸੰਬੰਧੀ ਅਪਣੇ ਜਜ਼ਬਾਤ ਬਿਆਨ ਕਰਦਿਆਂ ਦੱਸਿਆ ਕਿ "ਅਪਣੇ ਇਸ ਧਾਰਮਿਕ ਗਾਣਾ ਦਾ ਪਹਿਲਾਂ ਲੁੱਕ ਜਾਰੀ ਕਰਦਿਆਂ ਬਹੁਤ ਹੀ ਫਖ਼ਰ ਮਹਿਸੂਸ ਕਰ ਰਿਹਾ ਹਾਂ। ਪੂਰੀ ਟੀਮ ਵੱਲੋਂ ਬੇਹੱਦ ਮਿਹਨਤ ਅਤੇ ਰਿਆਜ਼ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਇਸ ਗੀਤ ਨੂੰ ਜਲਦ ਹੀ ਅਸੀਂ ਇਸ ਗੀਤ ਨੂੰ ਸੰਗਤ ਦੀ ਝੋਲੀ ਵਿੱਚ ਪਾਵਾਂਗੇ।"
ਮੂਲ ਰੂਪ ਵਿੱਚ ਗਾਇਕ ਅਤੇ ਹੋਸਟ ਰਹੇ ਹਾਰਬੀ ਸੰਘਾ ਮਿਸ ਪੂਜਾ ਸਮੇਤ ਕਈ ਨਾਮਵਰ ਗਾਇਕਾਂ ਲਈ ਸਟੇਜ ਸੰਚਾਲਣ ਕਰ ਚੁੱਕੇ ਹਨ, ਜਿੰਨ੍ਹਾਂ ਵੱਲੋਂ ਗਾਏ ਕਈ ਗਾਣੇ 'ਉੱਚਾ ਦਰ ਬਾਬੇ ਨਾਨਕ ਦਾ', 'ਅਕਲ', 'ਮਾਤਾ ਗੁਜਰੀ' ਆਦਿ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਖਾਸੇ ਪਸੰਦ ਕੀਤੇ ਗਏ ਹਨ।