ਚੰਡੀਗੜ੍ਹ:ਪੰਜਾਬੀ ਸਿਨੇਮਾ ਦੇ ਲਈ ਬਣਾਈ ਗਈ ਪਹਿਲੀ ਡਾਰਕ ਜੋਨ ਫਿਲਮ ਰਿਲੀਜ਼ ਲਈ ਤਿਆਰ ਹੈ, ਜਿਸ ਦੀ ਪਹਿਲੀ ਝਲਕ ਅੱਜ ਜਾਰੀ ਕਰ ਦਿੱਤੀ ਗਈ ਹੈ, ਜੋ ਜਲਦ ਸਾਹਮਣੇ ਆਉਣ ਜਾ ਰਹੀ ਹੈ। 'ਆਰਡੀਕੇ' ਦੇ ਬੈਨਰ ਹੇਠ ਬਣਾਈ ਗਈ ਇਸ ਬਿੱਗ ਸੈੱਟਅੱਪ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਵਿਸ਼ਾਲ ਕੌਸ਼ਿਕ ਵੱਲੋਂ ਕੀਤਾ ਗਿਆ ਹੈ, ਜੋ ਬਤੌਰ ਅਦਾਕਾਰ ਕਈ ਚਰਚਿਤ ਹਿੰਦੀ, ਪੰਜਾਬੀ ਫਿਲਮਾਂ ਅਤੇ ਵੈੱਬ ਸੀਰੀਜ਼ ਦਾ ਸ਼ਾਨਦਾਰ ਅਤੇ ਪ੍ਰਭਾਵੀ ਹਿੱਸਾ ਰਹੇ ਹਨ।
ਨਿਰਮਾਤਾ ਰਿਪੂਦਮਨ, ਹਰਪਾਲ ਸਿੰਘ ਅਤੇ ਸ਼ਿਖਾ ਯਾਦਵ ਵੱਲੋਂ ਨਿਰਮਿਤ ਕੀਤੀ ਗਈ ਉਕਤ ਫਿਲਮ ਦੇ ਕ੍ਰਿਏਟਿਵ ਨਿਰਦੇਸ਼ਕ ਗੁਰਪ੍ਰੀਤ ਤੋਤੀ ਹਨ, ਜੋ ਇਸ ਆਫ ਬੀਟ ਫਿਲਮ ਵਿੱਚ ਮਹੱਤਵਪੂਰਨ ਭੂਮਿਕਾ ਵੀ ਨਿਭਾਉਂਦੇ ਨਜ਼ਰੀ ਪੈਣਗੇ।
ਪੰਜਾਬ ਦੇ ਮਾਲਵਾ ਤੋਂ ਇਲਾਵਾ ਰਾਜਸਥਾਨ ਦੇ ਜੈਪੁਰ ਆਦਿ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦੁਆਰਾ ਦੋ ਨਵੇਂ ਚਿਹਰੇ ਇੰਦਰਜੀਤ ਅਤੇ ਸੁੱਚੀ ਬਿਰਗੀ ਲੀਡ ਅਤੇ ਖੂਬਸੂਰਤ ਜੋੜੀ ਵਜੋਂ ਦਰਸ਼ਕਾਂ ਦੇ ਸਨਮੁੱਖ ਹੋਣਗੇ, ਜਿਸ ਤੋਂ ਇਲਾਵਾ ਨਿਰਦੇਸ਼ਕ ਵਿਸ਼ਾਲ ਕੌਸ਼ਿਕ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੇ ਨਜ਼ਰੀ ਪੈਣਗੇ, ਜੋ ਪਹਿਲੇ ਵਾਰ ਅਜਿਹੇ ਨਿਵੇਕਲੇ ਰੋਲ ਵਿੱਚ ਵਿਖਾਈ ਦੇਣਗੇ, ਜਿਸ ਤਰ੍ਹਾਂ ਦਾ ਕਿਰਦਾਰ ਉਨ੍ਹਾਂ ਵੱਲੋਂ ਅਪਣੀ ਕਿਸੇ ਫਿਲਮ ਵਿੱਚ ਅਦਾ ਨਹੀਂ ਕੀਤਾ ਗਿਆ।