ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਗਾਇਕੀ ਦੋਹਾਂ ਹੀ ਖੇਤਰਾਂ ਵਿੱਚ ਬਰਾਬਰਤਾ ਨਾਲ ਆਪਣੀ ਧਾਂਕ ਕਾਇਮ ਕਰਦੇ ਜਾ ਰਹੇ ਹਨ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ, ਜਿੰਨ੍ਹਾਂ ਦੀ ਨਵੀਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਰਿਲੀਜ਼ ਲਈ ਤਿਆਰ ਹੈ, ਜਿਸ ਦੀ ਪਹਿਲੀ ਅਤੇ ਖੂਬਸੂਰਤ ਝਲਕ ਨੂੰ ਦਰਸ਼ਕਾਂ ਦੇ ਸਨਮੁੱਖ ਕਰ ਦਿੱਤਾ ਗਿਆ ਹੈ।
'ਓਮ ਜੀ ਸਿਨੇ ਵਰਲਡ ਸਟੂਡੀਓਜ਼' ਅਤੇ 'ਡਾਇਮੰਡ ਸਟਾਰ ਵਰਲਡ ਵਾਈਡ' ਦੇ ਬੈਨਰਜ਼ ਅਤੇ ਸੰਯੁਕਤ ਨਿਰਮਾਣ ਅਧੀਨ ਬਣਾਈ ਗਈ ਇਸ ਰੁਮਾਂਟਿਕ-ਡਰਾਮਾ ਅਤੇ ਸੰਗੀਤਮਈ ਫਿਲਮ ਦਾ ਲੇਖਨ ਪ੍ਰੀਤ ਸੰਘਰੇੜੀ ਅਤੇ ਨਿਰਦੇਸ਼ਨ ਮਨਵੀਰ ਬਰਾੜ ਵੱਲੋਂ ਕੀਤਾ ਗਿਆ ਹੈ, ਜੋ ਦੋਨੋਂ ਪ੍ਰਤਿਭਾਵਾਂ ਸ਼ਖਸ਼ੀਅਤਾਂ ਇਸ ਫਿਲਮ ਨਾਲ ਬਤੌਰ ਲੇਖਕ ਅਤੇ ਨਿਰਦੇਸ਼ਕ ਸਿਨੇਮਾ ਖੇਤਰ 'ਚ ਨਵੀਂ ਪਾਰੀ ਦੇ ਆਗਾਜ਼ ਵੱਲ ਵਧਣ ਜਾ ਰਹੀਆਂ ਹਨ।
ਪਾਲੀਵੁੱਡ ਦੀਆਂ ਬਿੱਗ ਸੈੱਟਅੱਪ ਅਧੀਨ ਬਣਾਈਆਂ ਗਈਆਂ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ ਇਸ ਫਿਲਮ ਵਿੱਚ ਗੁਰਨਾਮ ਭੁੱਲਰ, ਮਾਹੀ ਸ਼ਰਮਾ ਅਤੇ ਪਰਾਜਲ ਦਾਹੀਆ ਲੀਡਿੰਗ ਕਿਰਦਾਰ ਅਦਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਕਰਮਜੀਤ ਅਨਮੋਲ, ਹਾਰਬੀ ਸੰਘਾ, ਅੰਮ੍ਰਿਤ ਅੰਬੀ, ਸ਼ਰਨ ਟੋਕਰਾ, ਸਤਿੰਦਰ ਕੌਰ, ਧਰਮਿੰਦਰ ਕੌਰ, ਜੱਗਾ ਆਦਿ ਜਿਹੇ ਨਾਮਵਰ ਚਿਹਰੇ ਵੀ ਮਹੱਤਵਪੂਰਣ ਅਤੇ ਸਪੋਰਟਿੰਗ ਕਿਰਦਾਰ ਅਦਾ ਕਰਦੇ ਨਜ਼ਰੀ ਪੈਣਗੇ।
ਓਧਰ ਜੇਕਰ ਇਸ ਫਿਲਮ ਨਾਲ ਜੁੜੇ ਕੁਝ ਖਾਸ ਤੱਥਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਦੁਆਰਾ ਜਿੱਥੇ ਮਸ਼ਹੂਰ ਗੀਤਕਾਰ ਪ੍ਰੀਤ ਸੰਘਰੇੜੀ ਇੱਕ ਨਵੇਂ ਸਫਰ ਵੱਲ ਵਧਣ ਜਾ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਸੁਪਰ ਹਿੱਟ ਗਾਣਿਆਂ ਦਾ ਲੇਖਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਨੀਂ ਮੈਂ ਲਵਲੀ ਜੀ, ਲਵਲੀ 'ਚ ਪੜਦੀ', 'ਵਾਜੇ ਵਾਲੇ', 'ਪੱਕੀ ਸਰਪੰਚੀ', '3600 ਰਿਟਰਨ' ਆਦਿ ਸ਼ਾਮਿਲ ਰਹੇ ਹਨ, ਜਿੰਨ੍ਹਾਂ ਦੀ ਲੇਖਕ ਦੇ ਰੂਪ ਵਿੱਚ ਇਹ ਪਹਿਲੀ ਫਿਲਮ ਹੈ, ਜਿੰਨ੍ਹਾਂ ਦੇ ਨਾਲ ਹੀ ਇਸ ਫਿਲਮ ਨਾਲ ਪੰਜਾਬੀ ਸਿਨੇਮਾ ਖੇਤਰ ਵਿੱਚ ਆਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੀ ਹੈ ਅਦਾਕਾਰਾ ਪਰਾਜਲ ਦਾਹੀਆ, ਜੋ ਮਿਊਜ਼ਿਕ ਵੀਡੀਓ ਦੇ ਖਿੱਤੇ ਵਿੱਚ ਚਰਚਿਤ ਨਾਂਅ ਵਜੋਂ ਅਪਣੀ ਚੋਖੀ ਭੱਲ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਹੈ।
24 ਮਈ 2024 ਨੂੰ ਵਰਲਡ ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦੇ ਹੋਰ ਅਹਿਮ ਪੱਖਾਂ ਵੱਲ ਝਾਤ ਮਾਰੀਏ ਤਾਂ ਮੋਹਾਲੀ ਦੇ ਆਸ-ਪਾਸ ਸ਼ੂਟ ਕੀਤੀ ਇਸ ਫਿਲਮ ਦੇ ਕੈਮਰਾਮੈਨ ਹਰਪ੍ਰੀਤ ਸਿੰਘ, ਕਾਸਟਿਊਮ ਡਿਜ਼ਾਇਨਰ ਨਵਦੀਪ ਕੌਰ, ਸੰਗੀਤਕਾਰ ਵੀ ਰੈਕਸ ਹਨ, ਜਿੰਨ੍ਹਾਂ ਦੇ ਰਚੇ ਬਿਹਤਰੀਨ ਸੰਗੀਤ ਨੂੰ ਆਵਾਜ਼ ਅਤੇ ਬੋਲ ਗੁਰਨਾਮ ਭੁੱਲਰ ਵੱਲੋਂ ਦਿੱਤੇ ਗਏ ਹਨ।