ਚੰਡੀਗੜ੍ਹ:ਪੰਜਾਬੀ ਕਾਮੇਡੀ ਫਿਲਮਾਂ ਦੇ ਖੇਤਰ ਵਿੱਚ ਧਰੂ ਤਾਰੇ ਵਾਂਗ ਅਪਣੀ ਅਲਹਦਾ ਹੋਂਦ ਦਾ ਪ੍ਰਗਟਾਵਾ ਲਗਾਤਾਰ ਕਰਵਾ ਰਹੇ ਹਨ ਕਾਮੇਡੀਅਨ ਗੁਰਚੇਤ ਚਿੱਤਰਕਾਰ, ਜਿੰਨ੍ਹਾਂ ਦੀ ਸਟੇਜ ਸ਼ੋਅ ਦੀ ਦੁਨੀਆਂ ਨਾਲ ਸਾਲਾਂ ਤੋਂ ਬਣੀ ਸਾਂਝ ਦਾ ਸਿਲਸਿਲਾ ਵੀ ਜਿਓ ਦਾ ਤਿਓ ਕਾਇਮ ਹੈ, ਜਿਸ ਸੰਬੰਧਤ ਬਰਾਬਰਤਾ ਨਾਲ ਵਧਾਏ ਜਾ ਰਹੇ ਕਦਮਾਂ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਵੱਲੋਂ ਖੇਡਿਆ ਜਾਣ ਵਾਲਾ ਨਵਾਂ ਕਾਮੇਡੀ ਪਲੇਅ 'ਫੈਮਿਲੀ 420 ਟੈਂਸ਼ਨ ਫਰੀ', ਜਿਸ ਨੂੰ ਲੈ ਕੇ ਉਹ ਜਲਦ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ।
ਰਜਵਾੜਾਸ਼ਾਹੀ ਵਜ਼ੂਦ ਦਾ ਅਹਿਸਾਸ ਕਰਵਾਉਂਦੇ ਅਤੇ ਨਵਾਬੀ ਠਾਠ-ਬਾਠ ਦਾ ਪ੍ਰਤੀਕ ਮੰਨੇ ਜਾਂਦੇ ਸ਼ਹਿਰ ਮਾਲੇਰਕੋਟਲਾ ਵਿਖੇ ਮੰਚਿਤ ਹੋਣ ਜਾ ਰਿਹਾ ਹੈ ਉਕਤ ਸ਼ੋਅ, ਜਿਸ ਸੰਬੰਧਤ ਸਾਰੀਆਂ ਤਿਆਰੀਆਂ ਗੁਰਚੇਤ ਚਿੱਤਰਕਾਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ।
'ਲੋਕ ਮਨ' ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਕਾਮੇਡੀ ਪਲੇਅ ਦੀ ਸਮੁੱਚੀ ਕਮਾਂਡ ਗੁਰਚੇਤ ਚਿੱਤਰਕਾਰ ਖੁਦ ਸੰਭਾਲ ਰਹੇ ਹਨ, ਜੋ ਇਸ ਦੁਆਰਾ ਇੱਕ ਵਾਰ ਫਿਰ ਅਪਣੀ ਆਹਲਾ ਕਾਮੇਡੀ ਕਲਾ ਦਾ ਲੋਹਾ ਮੰਨਵਾਉਣਗੇ।