ਫਰੀਦਕੋਟ: ਸਾਲ 2015 ਵਿੱਚ ਰਿਲੀਜ਼ ਹੋਈ ਧਰਮਿੰਦਰ, ਗਿੱਪੀ ਗਰੇਵਾਲ ਸਟਾਰਰ ਅਤੇ ਸਮੀਪ ਕੰਗ ਦੁਆਰਾ ਨਿਰਦੇਸ਼ਿਤ ਕੀਤੀ ਕਾਮੇਡੀ ਫ਼ਿਲਮ 'ਸੈਕੰਢ ਹੈਂਡ ਹਸਬੈਂਡ' ਦਾ ਹਿੱਸਾ ਰਹੀ ਬਾਲੀਵੁੱਡ ਅਦਾਕਾਰਾ ਗੀਤਾ ਬਸਰਾ ਇੱਕ ਵਾਰ ਮੁੜ ਪਾਲੀਵੁੱਡ ਵਿੱਚ ਪ੍ਰਭਾਵੀ ਦਸਤਕ ਦੇਣ ਲਈ ਤਿਆਰ ਹੈ। ਅਦਾਕਾਰਾ ਜਲਦ ਹੀ ਸ਼ੁਰੂ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਮੇਹਰ' ਦੁਆਰਾ ਦੱਸ ਸਾਲਾਂ ਬਾਅਦ ਸਿਲਵਰ ਸਕਰੀਨ 'ਤੇ ਨਜ਼ਰ ਆਵੇਗੀ।
ਡਿਜੀਟਾਈਮੈਂਟ ਅਤੇ ਰਘੂ ਖੰਨਾ ਵੱਲੋ ਪ੍ਰਸਤੁਤ ਕੀਤੀ ਜਾਣ ਵਾਲੀ ਇਸ ਪਰਿਵਾਰਕ ਡਰਾਮਾ ਅਤੇ ਮਨੋਰੰਜਕ ਫ਼ਿਲਮ ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਕਰਨਗੇ, ਜੋ ਇਸ ਤੋਂ ਪਹਿਲਾ ਕਈ ਬਹੁ-ਚਰਚਿਤ ਅਤੇ ਵੱਡੀਆ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਰਾਕੇਸ਼ ਮਹਿਤਾ ਵੱਲੋਂ ਨਿਰਦੇਸ਼ਿਤ ਕੀਤੀਆਂ ਫਿਲਮਾਂ ਵਿੱਚ 'ਇੱਕ ਸੰਧੂ ਹੁੰਦਾ ਸੀ', 'ਰੰਗ ਪੰਜਾਬ ਦੇ' ਅਤੇ 'ਯਾਰਾਂ ਵੇ' ਆਦਿ ਸ਼ੁਮਾਰ ਰਹੀਆ ਹਨ।
ਬਿੱਗ ਸੈੱਟਅੱਪ ਅਧੀਨ ਬਣਾਈ ਜਾ ਰਹੀ ਇਸ ਫ਼ਿਲਮ ਦਾ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਅਤੇ ਅਦਾਕਾਰ ਰਾਜ ਕੁੰਦਰਾ ਵੀ ਅਹਿਮ ਹਿੱਸਾ ਹੋਣਗੇ, ਜੋ ਇਸ ਫ਼ਿਲਮ ਨਾਲ ਪਾਲੀਵੁੱਡ ਵਿੱਚ ਅਪਣੀ ਪਹਿਲੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ। ਅਦਾਕਾਰਾ ਗੀਤਾ ਬਸਰਾ ਰਾਜ ਕੁੰਦਰਾ ਦੇ ਨਾਲ ਕਾਫ਼ੀ ਮਹੱਤਵਪੂਰਨ ਅਤੇ ਲੀਡਿੰਗ ਰੋਲ ਨੂੰ ਅੰਜ਼ਾਮ ਦੇਵੇਗੀ।