ਚੰਡੀਗੜ੍ਹ: ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਸ਼ੀਬਾ ਅਕਾਸ਼ਦੀਪ ਹੁਣ ਪੰਜਾਬੀ ਸਿਨੇਮਾ 'ਚ ਵੀ ਆਪਣੀ ਸ਼ਾਨਦਾਰ ਮੌਜ਼ੂਦਗੀ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਉਣ ਜਾ ਰਹੀ ਹੈ, ਜੋ ਆਨ ਫਲੌਰ ਪੜਾਅ ਦਾ ਹਿੱਸਾ ਬਣ ਚੁੱਕੀ ਪੰਜਾਬੀ ਫਿਲਮ 'ਬੜਾ ਕਰਾਰਾ ਪੂਦਨਾ' ਦੁਆਰਾ ਪਾਲੀਵੁੱਡ 'ਚ ਅਪਣੀ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਅਗਾਜ਼ ਕਰੇਗੀ।
'ਇਵਐਮਬੀ ਮੀਡੀਆ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਕਾਮੇਡੀ ਡ੍ਰਾਮੈਟਿਕ ਫਿਲਮ ਦਾ ਨਿਰਦੇਸ਼ਨ ਪ੍ਰਵੀਨ ਕੁਮਾਰ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਚਰਚਿਤ ਅਤੇ ਵੱਡੀਆਂ ਪੰਜਾਬੀ ਫਿਲਮਾਂ ਨਾਲ ਜੁੜੇ ਰਹੇ ਹਨ।
ਸਟਾਰਟ-ਟੂ-ਫਿਨਿਸ਼ ਸ਼ੂਟਿੰਗ ਸ਼ੈਡਿਊਲ ਅਧੀਨ ਮੁਕੰਮਲ ਕੀਤੀ ਜਾਣ ਵਾਲੀ ਅਤੇ ਇੰਨੀਂ ਦਿਨੀਂ ਲੰਦਨ ਦੀਆਂ ਵੱਖ-ਵੱਖ ਅਤੇ ਮਨਮੋਹਕ ਲੋਕੇਸ਼ਨਜ਼ ਉਪਰ ਫਿਲਮਾਈ ਜਾ ਰਹੀ ਇਸ ਫਿਲਮ ਵਿੱਚ ਪਾਲੀਵੁੱਡ ਦੀ ਖੂਬਸੂਰਤ ਅਤੇ ਮੰਝੀ ਹੋਈ ਅਦਾਕਾਰਾ ਕੁਲਰਾਜ ਰੰਧਾਵਾ ਵੀ ਲੀਡਿੰਗ ਰੋਲ ਵਿੱਚ ਨਜ਼ਰ ਆਵੇਗੀ, ਜਿੰਨ੍ਹਾਂ ਨਾਲ ਅਦਾਕਾਰਾ ਸ਼ੀਬਾ ਅਕਾਸ਼ਦੀਪ ਵੀ ਬੇਹੱਦ ਮਹੱਤਵਪੂਰਨ ਰੋਲ ਅਦਾ ਕਰ ਰਹੀ ਹੈ।
21 ਫਰਵਰੀ 2025 ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾਣ ਵਾਲੀ ਉਕਤ ਫਿਲਮ ਵਿੱਚ ਕਾਮੇਡੀ ਅਤੇ ਠੇਠ ਪੰਜਾਬੀ ਵੰਨਗੀਆਂ ਦਾ ਦਿਲਚਸਪ ਸੁਮੇਲ ਵੇਖਣ ਨੂੰ ਮਿਲੇਗਾ, ਜਿਸ ਤੋਂ ਇਲਾਵਾ ਅਦਾਕਾਰਾ ਸ਼ੀਬਾ ਦੁਆਰਾ ਨਿਭਾਇਆ ਜਾ ਰਿਹਾ ਪੰਜਾਬੀ ਮਹਿਲਾ ਦਾ ਕਿਰਦਾਰ ਵੀ ਇਸ ਫਿਲਮ ਨੂੰ ਚਾਰ-ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ, ਜੋ ਆਪਣੀ ਬਾਕਮਾਲ ਅਦਾਕਾਰੀ ਸਮਰੱਥਾ ਦਾ ਪ੍ਰਗਟਾਵਾ ਪਹਿਲੀ ਵਾਰ ਪੰਜਾਬੀ ਸਿਨੇਮਾ ਸਕ੍ਰੀਨ ਉਤੇ ਕਰਵਾਏਗੀ।
ਹਾਲ ਹੀ ਵਿੱਚ ਰਿਲੀਜ਼ ਹੋਈ 'ਧਰਮਾ ਪ੍ਰੋਡੋਕਸ਼ਨ' ਦੀ ਬਹੁ-ਚਰਚਿਤ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਵਿੱਚ ਨਜ਼ਰ ਆਈ ਅਦਾਕਾਰਾ ਸ਼ੀਬਾ ਇੰਨੀਂ ਦਿਨੀਂ ਸਿਨੇਮਾ ਅਤੇ ਵੈੱਬ ਸੀਰੀਜ਼ ਦੇ ਖੇਤਰ 'ਚ ਮੁੜ ਕਾਫ਼ੀ ਸਰਗਰਮ ਨਜ਼ਰੀ ਆ ਰਹੀ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੱਡੇ ਪ੍ਰੋਜੈਕਟਸ ਵਿੱਚ ਵੀ ਅਪਣੀ ਉਪ-ਸਥਿਤੀ ਦਰਜ ਕਰਵਾਉਣ ਜਾ ਰਹੀ ਹੈ।
ਓਧਰ ਅਦਾਕਾਰਾ ਸ਼ੀਬਾ ਦੀ ਉਕਤ ਪੰਜਾਬੀ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪੱਖਾਂ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਪ੍ਰੋਡੋਕਸ਼ਨ ਦੀ ਇਨ ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਮਾਧੁਰੀ ਭੋਸਲੇ ਅਤੇ ਲੇਖਕ ਅਮਨ ਸਿੱਧੂ ਹਨ, ਜਦਕਿ ਸਿਨੇਮਾਟੋਗ੍ਰਾਫ਼ਰ ਦੀ ਜਿੰਮੇਵਾਰੀ ਰਾਕੇਸ਼ ਨਿਭਾ ਰਹੇ ਹਨ।