ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਸਿਨੇਮਾ ਖੇਤਰ ਵਿੱਚ ਮਜ਼ਬੂਤ ਪੈੜਾਂ ਸਥਾਪਿਤ ਕਰ ਚੁੱਕੇ ਹਨ ਗਾਇਕ-ਅਦਾਕਾਰ ਗੁਰਨਾਮ ਭੁੱਲਰ, ਜਿੰਨ੍ਹਾਂ ਦੀ ਸਾਹਮਣੇ ਆਉਣ ਜਾ ਰਹੀ ਆਉਣ ਵਾਲੀ ਅਤੇ ਬਹੁ-ਚਰਚਿਤ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗਲਾਬ' ਦਾ ਨਵਾਂ ਗਾਣਾ 'ਤੇਰੇ ਵਰਗਾ ਇਸ਼ਕ' ਰਿਲੀਜ਼ ਲਈ ਤਿਆਰ ਹੈ, ਜਿਸ ਨੂੰ 18 ਜੁਲਾਈ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।
'ਓਮ ਜੀ ਸਿਨੇ ਵਰਲਡ' ਅਤੇ 'ਡਾਇਮੰਡ ਸਟਾਰ' ਵਰਲਡ ਵਾਈਡ ਵੱਲੋਂ ਸੰਯੁਕਤ ਰੂਪ ਵਿੱਚ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਮਨਵੀਰ ਭੁੱਲਰ ਵੱਲੋਂ ਕੀਤਾ ਗਿਆ ਹੈ, ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਇੱਕ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।
ਰੁਮਾਂਟਿਕ ਅਤੇ ਸੰਗੀਤਮਈ ਕਹਾਣੀ ਅਧਾਰਿਤ ਇਸ ਫਿਲਮ ਵਿੱਚ ਗੁਰਨਾਮ ਭੁੱਲਰ, ਪ੍ਰਾਂਜਲ ਦਾਹੀਆ ਅਤੇ ਮਾਹੀ ਸ਼ਰਮਾ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਹਨ, ਜਿੰਨ੍ਹਾਂ ਤੋਂ ਇਲਾਵਾ ਹਰਬੀ ਸੰਘਾ, ਅੰਮ੍ਰਿਤ ਅੰਬੀ, ਸ਼ਰਨ ਟੋਕਰਾ, ਨਸੀਮ ਵਿੱਕੀ, ਅਨੀਤਾ ਸ਼ਬਦੀਸ਼, ਨੂਰ, ਸਤਿੰਦਰ ਕੌਰ, ਧਰਮਿੰਦਰ ਕੌਰ, ਰਮਨਦੀਪ ਜੱਗਾ ਆਦਿ ਜਿਹੇ ਨਾਮਵਰ ਚਿਹਰੇ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਓਧਰ ਖਿੱਚ ਦਾ ਕੇਂਦਰ ਬਣੀ ਇਸ ਪੰਜਾਬੀ ਫਿਲਮ ਦੇ ਜਾਰੀ ਹੋ ਰਹੇ ਉਕਤ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਸਦਾ ਬਹਾਰ ਅਤੇ ਦਿਲ ਨੂੰ ਛੂਹ ਲੈਣ ਵਾਲੇ ਗੀਤ ਨੂੰ ਆਵਾਜ਼ ਗੁਰਨਾਮ ਭੁੱਲਰ ਨੇ ਦਿੱਤੀ ਹੈ, ਜਿੰਨ੍ਹਾਂ ਵੱਲੋਂ ਇਸ ਗਾਣੇ ਦੀ ਕੰਪੋਜੀਸ਼ਨ ਵੀ ਖੁਦ ਤਿਆਰ ਕੀਤੀ ਗਈ ਹੈ, ਜਿਸ ਤੋਂ ਇਲਾਵਾ ਸਿੰਘ ਜੀਤ ਚਨਕੋਨੀਆ ਵੱਲੋਂ ਲਿਖੇ ਇਸ ਖੂਬਸੂਰਤ ਗੀਤ ਨੂੰ ਸੰਗੀਤਬੱਧਤਾ ਜੀ ਗੁਰੀ ਵੱਲੋਂ ਦਿੱਤੀ ਗਈ ਹੈ, ਜਿੰਨ੍ਹਾਂ ਵੱਲੋਂ ਮਧੁਰ ਸੰਗੀਤ ਨਾਲ ਸੰਜੋਏ ਬੇਸ਼ੁਮਾਰ ਗਾਣੇ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।
ਪੰਜਾਬ ਦੇ ਮੋਹਾਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਫਿਲਮਾਈ ਗਈ ਅਤੇ ਅਗਸਤ ਮਹੀਨੇ ਵਰਲਡ ਵਾਈਡ ਜਾਰੀ ਕੀਤੀ ਜਾ ਰਹੀ ਉਕਤ ਫਿਲਮ ਦਾ ਲੇਖਨ ਅਜ਼ੀਮ ਗੀਤਕਾਰਾਂ 'ਚ ਅਪਣਾ ਸ਼ੁਮਾਰ ਕਰਵਾ ਰਹੇ ਪ੍ਰੀਤ ਸੰਘਰੇੜੀ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਲਿਖੇ ਬੇਸ਼ੁਮਾਰ ਹਿੱਟ ਗਾਣਿਆਂ ਨੂੰ ਪੰਜਾਬ ਦੇ ਨਾਮੀ ਗਿਰਾਮੀ ਫਨਕਾਰ ਆਪਣੀ ਆਵਾਜ਼ ਦੇ ਚੁੱਕੇ ਹਨ।