ਅੰਮ੍ਰਿਤਸਰ: ਗੁਰੂਨਗਰੀ ਵਿੱਚ ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਦਰਾਅਸਰ ਅੰਮ੍ਰਿਤਸਰ ਦੀ ਫੇਅਰ ਫੀਲਡ ਕਲੋਨੀ ਵਿੱਚ ਮੀਟਰ ਬਦਲਣ ਗਏ ਬਿਜਲੀ ਵਿਭਾਗ ਦੇ ਜੇਈ ਅਤੇ ਲਾਈਨਮੈਨ ਦੀ ਪੁਲਿਸ ਮੁਲਾਜ਼ਮ ਨੇ ਡੰਡੇ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਬਿਜਲੀ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਬਿਜਲੀ ਮੁਲਾਜ਼ਮ ਨੇ ਇਨਸਾਫ ਲਈ ਅੰਮ੍ਰਿਤਸਰ ਦੇ ਮਜੀਠਾ ਰੋਡ ਦੀ ਫੈਜਪੁਰ ਪੁਲਿਸ ਚੌਂਕੀ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਮੀਟਰ ਬਦਲਣ ਗਏ ਬਿਜਲੀ ਮੁਲਾਜ਼ਮਾਂ ਦੀ ਕੀਤੀ ਕੁੱਟਮਾਰ
ਪੀੜਤ ਬਿਜਲੀ ਮੁਲਾਜ਼ਮਾਂ ਨੇ ਕਿਹਾ ਕਿ ਵਿਭਾਗ ਵੱਲੋਂ ਲਗਾਈ ਹੋਈ ਡਿਊਟੀ ਦੇ ਤਹਿਤ ਉਹ ਫੇਅਰ ਫੀਲਡ ਕਲੋਨੀ ਵਿੱਚ ਮੀਟਰ ਬਦਲਣ ਲਈ ਗਏ ਸੀ, ਜਿਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੱਲੋਂ ਆਪਣੀ ਵਰਦੀ ਦਾ ਰੋਹਬ ਦਿਖਾਉਂਦੇ ਹੋਏ ਉਹਨਾਂ ਨਾਲ ਗਾਲੀ ਗਲੋਚ ਕੀਤੀ ਗਈ ਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਕੁੱਟਮਾਰ ਦੌਰਾਨ ਇੱਕ ਬਿਜਲੀ ਮੁਲਜ਼ਾਮ ਦੀ ਨੱਕ ਦੀ ਹੱਡੀ ਟੁੱਟ ਗਈ ਹੈ। ਉਹਨਾਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪੁਲਿਸ ਨੇ ਨਹੀਂ ਕੀਤੀ ਕਾਰਵਾਈ
ਇਸ ਮੌਕੇ ਬਿਜਲੀ ਵਿਭਾਗ ਦੇ ਐਕਸੀਅਨ ਮਨੋਹਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਵਿਭਾਗ ਦੇ ਮੁਲਾਜ਼ਮਾਂ ਨਾਲ ਇੱਕ ਪੁਲਿਸ ਮੁਲਾਜ਼ਮ ਵੱਲੋਂ ਕੁੱਟਮਾਰ ਕੀਤੀ ਗਈ ਹੈ, ਜਿਸ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਵੱਲੋਂ ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਦਰਜ ਕੀਤਾ ਗਿਆ। ਉਹਨਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਸ ਮਾਮਲੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ।
ਮਾਮਲੇ ਸਬੰਧੀ ਕਾਰਵਾਈ ਜਾਰੀ
ਮਾਮਲੇ ਸਬੰਧੀ ਪੁਲਿਸ ਅਧਿਕਾਰੀ ਅਮਰ ਸਿੰਘ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨਾਲ ਹੋਈ ਕੁੱਟਮਾਰ ਮਾਮਲੇ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਜਿਸ ਪੁਲਿਸ ਮੁਲਾਜ਼ਮ ਵੱਲੋਂ ਇਹਨਾਂ ਨਾਲ ਕੁੱਟਮਾਰ ਕੀਤੀ ਗਈ ਹੈ, ਉਹ ਐਸਡੀਐਮ ਅਜਨਾਲਾ ਦੇ ਨਾਲ ਤਾਇਨਾਤ ਹੈ। ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।