ਲਖਨਊ: ED ਨੇ ਰੇਵ ਪਾਰਟੀਆਂ ਵਿੱਚ ਸੱਪ ਦੇ ਜ਼ਹਿਰ ਦੀ ਸਪਲਾਈ ਕਰਨ ਦੇ ਦੋਸ਼ੀ ਯੂਟਿਊਬਰ ਐਲਵਿਸ਼ ਯਾਦਵ ਅਤੇ ਪੰਜਾਬੀ ਗਾਇਕ ਰਾਹੁਲ ਯਾਦਵ ਫਾਜ਼ਿਲਪੁਰੀਆ ਦੀ ਲਗਭਗ 55 ਲੱਖ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਈਡੀ ਨੇ ਹਾਲ ਹੀ ਵਿੱਚ ਲਖਨਊ ਦੇ ਜ਼ੋਨਲ ਦਫ਼ਤਰ ਵਿੱਚ ਦੋਵਾਂ ਤੋਂ ਪੁੱਛਗਿੱਛ ਕੀਤੀ ਸੀ।
ਈਡੀ ਨੇ ਲਿਆ ਵੱਡਾ ਐਕਸ਼ਨ: ਈਡੀ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਜਿਨ੍ਹਾਂ ਜਾਇਦਾਦਾਂ ਨੂੰ ਜ਼ਬਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਬਿਜਨੌਰ ਜ਼ਿਲ੍ਹੇ ਵਿੱਚ ਰਾਹੁਲ ਫਾਜ਼ਿਲਪੁਰੀਆ ਦੀ ਤਿੰਨ ਏਕੜ ਵਾਹੀਯੋਗ ਜ਼ਮੀਨ ਵੀ ਸ਼ਾਮਲ ਹੈ। ਫਾਜ਼ਿਲਪੁਰੀਆ ਨੇ ਇਸ ਨੂੰ 50 ਲੱਖ ਰੁਪਏ 'ਚ ਖਰੀਦਿਆ ਸੀ। ਜਦਕਿ ਹਰਿਆਣਾ ਵਿੱਚ ਐਲਵਿਸ਼ ਦੀ ਜ਼ਮੀਨ ਏਜੰਸੀ ਨੇ ਜ਼ਬਤ ਕਰ ਲਈ ਹੈ। ਦੋਵਾਂ ਦੇ ਬੈਂਕ ਖਾਤਿਆਂ 'ਚ ਜਮ੍ਹਾ ਕਰੀਬ 3 ਲੱਖ ਰੁਪਏ ਵੀ ਜ਼ਬਤ ਕਰ ਲਏ ਗਏ ਹਨ।
ਦਰਅਸਲ, ਈਡੀ ਦੀ ਜਾਂਚ ਦੌਰਾਨ ਰਾਹੁਲ ਫਾਜ਼ਿਲਪੁਰੀਆ ਦੇ ਗੀਤ '32 ਬੋਰ' ਤੋਂ ਯੂਟਿਊਬ ਤੋਂ 52 ਲੱਖ ਰੁਪਏ ਕਮਾਉਣ ਬਾਰੇ ਠੋਸ ਸੁਰਾਗ ਸਾਹਮਣੇ ਆਏ ਸਨ। ਇਸ ਤੋਂ ਬਾਅਦ ਇਨ੍ਹਾਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਏਜੰਸੀ ਨੇ ਫਾਜ਼ਿਲਪੁਰੀਆ ਦੇ ਗੀਤਾਂ ਨੂੰ ਸ਼ੂਟ ਕਰਨ ਵਾਲੀ ਚੰਡੀਗੜ੍ਹ ਦੀ ਸਕਾਈ ਡਿਜੀਟਲ ਕੰਪਨੀ ਦੇ ਬੈਂਕ ਖਾਤੇ 'ਚ ਜਮ੍ਹਾਂ ਕਰਵਾਏ ਕਰੀਬ 2 ਲੱਖ ਰੁਪਏ ਵੀ ਜ਼ਬਤ ਕਰ ਲਏ ਹਨ। ਤੁਹਾਨੂੰ ਦੱਸ ਦੇਈਏ ਕਿ ਈਡੀ ਨੇ ਹਾਲ ਹੀ ਵਿੱਚ ਐਲਵਿਸ਼ ਯਾਦਵ ਅਤੇ ਫਾਜ਼ਿਲਪੁਰੀਆ ਨੂੰ ਰਾਜਧਾਨੀ ਵਿੱਚ ਆਪਣੇ ਜ਼ੋਨਲ ਦਫ਼ਤਰ ਵਿੱਚ ਤਲਬ ਕੀਤਾ ਸੀ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਸੀ। ਈਡੀ ਦੇ ਅਧਿਕਾਰੀ ਇਨ੍ਹਾਂ ਦੋਵਾਂ ਦੀਆਂ ਬਾਕੀ ਜਾਇਦਾਦਾਂ ਦੀ ਵੀ ਤਲਾਸ਼ੀ ਲੈ ਰਹੇ ਹਨ।
ਐਲਵਿਸ਼ 'ਤੇ ਸੱਪ ਦਾ ਜ਼ਹਿਰ ਸਪਲਾਈ ਕਰਨ ਦਾ ਦੋਸ਼: ਐਲਵਿਸ਼ ਯਾਦਵ ਨੇ ਕਥਿਤ ਤੌਰ 'ਤੇ ਰੇਵ ਪਾਰਟੀਆਂ 'ਚ ਸੱਪ ਦਾ ਜ਼ਹਿਰ ਸਪਲਾਈ ਕੀਤਾ ਸੀ। ਈਡੀ ਨੇ ਸਪਲਾਈ ਦੇ ਬਦਲੇ ਮਿਲੇ ਪੈਸਿਆਂ ਨਾਲ ਜੁੜੇ ਇੱਕ ਮਾਮਲੇ ਵਿੱਚ ਐਲਵਿਸ਼ ਅਤੇ ਹੋਰਾਂ ਤੋਂ ਪੁੱਛਗਿੱਛ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਕੀਤੀ ਗਈ ਹੈ। ਕੇਂਦਰੀ ਏਜੰਸੀ ਨੇ ਮਈ ਵਿੱਚ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ (ਨੋਇਡਾ) ਜ਼ਿਲ੍ਹਾ ਪੁਲਿਸ ਦੁਆਰਾ ਐਲਵਿਸ਼ ਅਤੇ ਉਸ ਨਾਲ ਜੁੜੇ ਲੋਕਾਂ ਦੇ ਖਿਲਾਫ ਦਰਜ ਐਫਆਈਆਰ ਅਤੇ ਚਾਰਜਸ਼ੀਟ ਦਾ ਨੋਟਿਸ ਲੈਣ ਤੋਂ ਬਾਅਦ ਕੇਸ ਦਰਜ ਕੀਤਾ ਸੀ ਅਤੇ ਪੀਐਮਐਲਏ ਦੇ ਤਹਿਤ ਦੋਸ਼ ਦਾਇਰ ਕੀਤੇ ਸਨ।