ਚੰਡੀਗੜ੍ਹ: ਪੰਜਾਬੀ ਫਿਲਮਾਂ, ਵੈੱਬ-ਸੀਰੀਜ਼ ਅਤੇ ਲਘੂ ਫਿਲਮਾਂ ਦੇ ਖੇਤਰ ਵਿੱਚ ਕੁਝ ਨਾ ਕੁਝ ਅਲਹਦਾ ਕਰਨ ਲਈ ਲਗਾਤਾਰ ਯਤਨਸ਼ੀਲ ਹਨ ਨਿਰਦੇਸ਼ਕ ਭਗਵੰਤ ਸਿੰਘ ਕੰਗ, ਜਿੰਨ੍ਹਾਂ ਵੱਲੋਂ ਅੱਜ ਵਿਸਾਖੀ ਮੌਕੇ ਆਪਣੀ ਨਵੀਂ ਪੰਜਾਬੀ ਵੈੱਬ ਸੀਰੀਜ਼ 'ਬਲਦੇ ਦਰਿਆ' ਦਾ ਐਲਾਨ ਕੀਤਾ ਗਿਆ ਹੈ, ਜੋ ਜਲਦ ਹੀ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
'ਫਿਲਮੀ ਅੱਡਾ' ਦੇ ਬੈਨਰ ਅਧੀਨ ਪੇਸ਼ ਕੀਤੀ ਜਾ ਰਹੀ ਇਸ ਅਰਥ ਭਰਪੂਰ ਵੈੱਬ ਸੀਰੀਜ਼ ਦੇ ਲੇਖਕ ਮਸ਼ਹੂਰ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਹਨ, ਜਦਕਿ ਇਸ ਦਾ ਨਿਰਦੇਸ਼ਨ ਭਗਵੰਤ ਸਿੰਘ ਕੰਗ ਖੁਦ ਕਰਨਗੇ। ਨਿਰਮਾਤਾ ਪਰਮਜੀਤ ਸਿੰਘ ਨਾਗਰਾ ਅਤੇ ਲਖਵਿੰਦਰ ਸਿੰਘ ਜਟਾਣਾ ਵੱਲੋਂ ਸੁਯੰਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਇਸ ਫਿਲਮ ਦੇ ਡਾਇਰੈਕਟਰ ਆਫ ਫੋਟੋਗ੍ਰਾਫਰੀ ਹਰੀਸ਼ ਚੱਢਾ ਅਤੇ ਪ੍ਰੋਜੈਕਟ ਹੈਡ ਗੁਰਪ੍ਰੀਤ ਸਿੰਘ ਕੰਗ ਹਨ।
ਮੋਹਾਲੀ, ਪਟਿਆਲਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਅਗਲੇ ਦਿਨਾਂ ਦੌਰਾਨ ਫਿਲਮਾਈ ਜਾਣ ਵਾਲੀ ਉਕਤ ਵੈੱਬ-ਸੀਰੀਜ਼ ਦੀ ਸਟਾਰ-ਕਾਸਟ ਅਤੇ ਹੋਰਨਾਂ ਅਹਿਮ ਪਹਿਲੂਆਂ ਦਾ ਰਸਮੀ ਖੁਲਾਸਾ ਜਲਦ ਕੀਤਾ ਜਾਵੇਗਾ।
ਇਸੇ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਨਿਰਦੇਸ਼ਕ ਭਗਵੰਤ ਸਿੰਘ ਕੰਗ ਨੇ ਦੱਸਿਆ ਕਿ ਉਨਾਂ ਵੱਲੋਂ ਨਿਰਦੇਸ਼ਤ ਕੀਤੇ ਹਰ ਪ੍ਰੋਜੈਕਟ ਦੀ ਤਰ੍ਹਾਂ ਇਹ ਵੈੱਬ-ਸੀਰੀਜ਼ ਵੀ ਸਮਾਜਿਕ ਸਰੋਕਾਰਾਂ ਅਤੇ ਆਮ ਜਨ-ਜੀਵਨ ਦੁਆਲੇ ਬੁਣੀ ਜਾ ਰਹੀ ਹੈ, ਜਿਸ ਵਿੱਚ ਪੁਰਾਤਨ ਪੰਜਾਬ ਦੇ ਕਈ ਅਸਲ ਪਹਿਲੂਆਂ ਨੂੰ ਵੀ ਮੁੜ ਸਾਹਮਣੇ ਲਿਆਉਣ ਦੀ ਕੋਸ਼ਿਸ਼ ਉਨਾਂ ਵੱਲੋਂ ਕੀਤੀ ਜਾਵੇਗੀ। ਉਨਾਂ ਅੱਗੇ ਦੱਸਿਆ ਕਿ ਸਾਹਿਤਕ ਖੇਤਰ ਦੀ ਸਤਿਕਾਰਿਤ ਅਤੇ ਅਜ਼ੀਮ ਸ਼ਖਸ਼ੀਅਤ ਵਜੋਂ ਜਾਣੇ ਜਾਂਦੇ ਹਨ ਬਲਦੇਵ ਸਿੰਘ ਸੜਕਨਾਮਾ, ਜਿੰਨਾਂ ਵੱਲੋਂ ਲਿਖੇ ਕਈ ਨਾਵਲ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਵਿਚ ਸਫ਼ਲ ਰਹੇ ਹਨ।
ਉਨਾਂ ਦੱਸਿਆ ਕਿ ਸਾਹਿਤਕ ਖੇਤਰ ਨਾਲ ਜੁੜੇ ਹੋਣ ਕਾਰਨ ਉਨਾਂ ਦੀ ਬਤੌਰ ਨਿਰਦੇਸ਼ਕ ਕੋਸ਼ਿਸ਼ ਹਮੇਸ਼ਾ ਅਜਿਹੇ ਪ੍ਰੋਜੈਕਟ ਸਾਹਮਣੇ ਲਿਆਉਣ ਦੀ ਰਹੀ ਹੈ, ਜਿਸ ਨਾਲ ਨੌਜਵਾਨ ਪੀੜੀ ਨੂੰ ਸਮਾਜਿਕ ਅਤੇ ਉਸਾਰੂ ਸੇਧ ਦੇਣ ਦੇ ਨਾਲ-ਨਾਲ ਉਨਾਂ ਨੂੰ ਮੁੜ ਅਪਣੀਆਂ ਜੜਾਂ ਅਤੇ ਆਪਸੀ ਰਿਸ਼ਤਿਆਂ ਨਾਲ ਜੋੜਿਆ ਜਾ ਸਕੇ, ਜਿਸ ਤੋਂ ਅਜੋਕੇ ਸਮੇਂ ਇਹ ਪੀੜੀ ਦੂਰ ਹੁੰਦੀ ਜਾ ਰਹੀ ਹੈ।
ਹਾਲੀਆ ਕਰੀਅਰ ਦੌਰਾਨ ਕਈ ਬਿਹਤਰੀਨ ਲਘੂ ਫਿਲਮਾਂ ਅਤੇ ਵੈੱਬ ਸੀਰੀਜ਼ ਦਰਸ਼ਕਾਂ ਸਨਮੁੱਖ ਕਰ ਚੁੱਕੇ ਨਿਰਦੇਸ਼ਕ ਭਗਵੰਤ ਸਿੰਘ ਕੰਗ ਇੰਨੀਂ ਦਿਨੀਂ ਆਪਣੇ ਕੁਝ ਹੋਰ ਪ੍ਰੋਜੈਕਟਾਂ ਨੂੰ ਵੀ ਆਖਰੀ ਛੋਹਾਂ ਦੇ ਰਹੇ ਹਨ, ਜਿੰਨਾਂ ਵੱਲੋਂ ਹੀ ਨਿਰਦੇਸ਼ਿਤ ਕੀਤੀ ਅਤੇ ਸੋਸ਼ਲ ਮੀਡੀਆ ਪਲੇਟਫ਼ਾਰਮ ਉਪਰ ਰਿਲੀਜ਼ ਹੋਈ ਪੰਜਾਬੀ ਲਘੂ ਫਿਲਮ 'ਮਾਂ ਦੀਆਂ ਬਾਲੀਆਂ' ਨੂੰ ਵੀ ਦਰਸ਼ਕਾਂ ਵੱਲੋਂ ਕਾਫ਼ੀ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।