ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ 'ਸ਼ਿੰਦਾ ਸ਼ਿੰਦਾ ਨੋ ਪਾਪਾ ਦਾ' ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਅਮਰਪ੍ਰੀਤ ਜੀਐਸ ਛਾਬੜਾ ਪਾਲੀਵੁੱਡ ਦੇ ਮੋਹਰੀ ਕਤਾਰ ਨਿਰਦੇਸ਼ਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵੱਲੋਂ ਅੱਜ ਅਪਣੀ ਨਵੀਂ ਫਿਲਮ 'ਮਾਈ ਨੇਮ ਇਜ਼ ਏਕੇ 74' ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦੀ ਸ਼ੂਟਿੰਗ ਵੀ ਉਨ੍ਹਾਂ ਵੱਲੋਂ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ।
ਫਿਲਮ ਅਤੇ ਸੰਗੀਤ ਨਿਰਮਾਣ ਕੰਪਨੀ 'ਸਾਗਾ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ਸਸ਼ੀ ਭਾਰਦਵਾਜ਼ ਅਤੇ ਵਰਿੰਦਰ ਪੁਆਰ ਦੁਆਰਾ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਵਿੱਚ ਉਭਰਦੀ ਅਦਾਕਾਰਾ ਸੁਖਮਨੀ ਕੌਰ ਲੀਡ ਭੂਮਿਕਾ 'ਚ ਨਜ਼ਰ ਆਵੇਗੀ, ਜੋ ਇਸ ਤੋਂ ਪਹਿਲਾਂ ਕਈ ਕਈ ਲੋਕਪ੍ਰਿਯ ਪੰਜਾਬੀ ਟੀਵੀ ਸੀਰੀਅਲਜ਼ ਦਾ ਹਿੱਸਾ ਰਹੀ ਹੈ ਅਤੇ ਅੱਜਕੱਲ੍ਹ ਜੱਸੀ ਮਾਨ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਪੰਜਾਬੀ ਫਿਲਮ 'ਹਸੂ ਹਸੂ ਕਰਦੇ ਚਿਹਰੇ' ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
ਔਰਤ ਕੇਂਦਰਿਤ ਵਿਸ਼ੇਸਾਰ ਅਧੀਨ ਬਣਾਈ ਗਈ ਇਹ ਫਿਲਮ 'ਸੌਣ ਨਾਲੋਂ ਜਿਆਦਾ ਸੁਫਨੇ ਵੇਖਦੀ ਹੈ'...ਦੀ ਟੈਗਲਾਇਨ ਅਧੀਨ ਬਣਾਈ ਜਾ ਰਹੀ ਹੈ, ਜਿਸ ਦੀ ਕਹਾਣੀ ਮਨ ਨੂੰ ਛੂਹ ਲੈਣ ਵਾਲੇ ਬਹੁਤ ਹੀ ਦਿਲ-ਟੁੰਬਵੇਂ ਥੀਮ ਦੁਆਲੇ ਬੁਣੀ ਗਈ ਹੈ।
ਟੈਲੀਵਿਜ਼ਨ ਦੇ ਕਈ ਵੱਡੇ ਸ਼ੋਅਜ ਨਾਲ ਜੁੜੇ ਰਹੇ ਨਿਰਦੇਸ਼ਕ ਅਤੇ ਸਿਨੇਮਾਟੋਗ੍ਰਾਫ਼ਰ ਅਮਰਪ੍ਰੀਤ ਜੀਐਸ ਛਾਬੜਾ ਇੰਨੀਂ ਦਿਨੀਂ ਪਾਲੀਵੁੱਡ ਦੇ ਅਤਿ ਮਸ਼ਰੂਫ ਨਿਰਦੇਸ਼ਕਾਂ ਵਿੱਚ ਆਪਣੀ ਮੌਜ਼ੂਦਗੀ ਦਰਜ ਕਰਵਾ ਰਹੇ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਗਈ ਗਿੱਪੀ ਗਰੇਵਾਲ-ਜੈਸਮੀਨ ਭਸੀਨ ਸਟਾਰਰ ਹਨੀਮੂਨ ਵੀ ਕਾਮਯਾਬੀ ਦੇ ਨਵੇਂ ਅਯਾਮ ਸਥਾਪਿਤ ਕਰਨ ਵਿੱਚ ਸਫਲ ਰਹੀ ਹੈ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਅਤੇ ਹਿਮਾਸ਼ੀ ਖੁਰਾਨਾ ਦੀ ਮੁੱਖ ਭੂਮਿਕਾ ਨਾਲ ਸਜੀ ਫਿਲਮ 'ਹਾਂ ਮੈਂ ਪਾਗਲ ਹਾਂ' ਵੀ ਸੰਪੂਰਨ ਹੋ ਚੁੱਕੀ ਹੈ, ਜਿਸ ਦਾ ਨਿਰਮਾਣ ਵੀ ਸਾਗਾ ਸਟੂਡਿਓਜ਼ ਵੱਲੋਂ ਕੀਤਾ ਗਿਆ ਹੈ।
ਪਾਲੀਵੁੱਡ ਦੀਆਂ ਆਗਾਮੀ ਦਿਨੀਂ ਸਾਹਮਣੇ ਆਉਣ ਵਾਲੀਆਂ ਅਰਥ-ਭਰਪੂਰ ਅਤੇ ਆਫ-ਬੀਟ ਫਿਲਮਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਜਾ ਰਹੀ ਉਕਤ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਸੁਨੀਤਾ ਰਾਦਿਆ ਹਨ, ਜੋ ਬਾਲੀਵੁੱਡ ਅਤੇ ਪੰਜਾਬੀ ਸਿਨੇਮਾ ਸੰਬੰਧਤ ਕਈ ਫਿਲਮਾਂ ਨੂੰ ਖੂਬਸੂਰਤ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।